ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਐਮ.ਜੀ.ਐਮ. ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਇਆ ਯੁਵਾ ਉਤਸਵ ਪ੍ਰੋਗਰਾਮ ਦਾ ਆਯੋਜਨ


ਮੈਂਬਰ ਪਾਰਲਮੈਂਟ ਮੁਹੰਮਦ ਸਦੀਕ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

प्रविष्टि तिथि: 25 MAY 2023 5:50PM by PIB Chandigarh

ਭਾਰਤ ਸਰਕਾਰ ਦੇ ਯੁਵਾ ਮਾਮਲਿਆਂ ਤੇ ਖੇਡ ਮੰਤਰਾਲੇ ਦੇ ਨਹਿਰੂ ਯੁਵਾ ਕੇਂਦਰ ਵੱਲੋਂ ਐਮ.ਜੀ.ਐਮ. ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲਾ ਪੱਧਰੀ ਯੁਵਾ ਉਤਸਵ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਜੋਤੀ ਜਗਾਉਣ ਦੀ ਰਸਮ ਅਦਾ ਕਰਕੇ ਕੀਤੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਕਿਹਾ ਕਿ ਨਵੀਂ ਪਨੀਰੀ ਨੂੰ ਜੀਵਨ ਵਿੱਚ ਤਰੱਕੀ ਕਰਨ ਅਤੇ ਅੱਗੇ ਵੱਧਣ ਲਈ ਇਹੋ ਜਿਹੇ ਪ੍ਰੋਗਰਾਮ ਕਰਵਾਉਣਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪੂਰੀ ਤਨਦੇਹੀ ਨਾਲ ਮਿਹਨਤ ਕਰਨੀ ਚਾਹੀਦੀ ਹੈ, ਤਾਂ ਹੀ ਸਫ਼ਲਤਾ ਦਾ ਰਾਹ ਪੱਧਰਾ ਹੋ ਸਕਦਾ ਹੈ। ਇਸ ਦੌਰਾਨ ਕੀਤੀਆਂ ਗਈਆਂ ਸੱਭਿਆਚਾਰਕ ਪੇਸ਼ਕਾਰੀਆਂ ਦੀ ਵੀ ਸਾਂਸਦ ਵੱਲੋਂ ਜੰਮ ਕੇ ਤਾਰੀਫ ਕੀਤੀ ਗਈ। ਐਮ.ਪੀ. ਮੁਹੰਮਦ ਸਦੀਕ ਨੇ ਕਿਹਾ ਕਿ ਉਹ ਨੌਜਵਾਨਾਂ ਦੇ ਚੰਗੇ ਭਵਿੱਖ ਲਈ ਰੱਬ ਅੱਗੇ ਅਰਦਾਸ ਕਰਦੇ ਹਨ, ਅਤੇ ਨਾਲ ਹੀ ਉਨ੍ਹਾਂ ਪ੍ਰੋਗਰਾਮ ਆਯੋਜਿਤ ਕਰਵਾਉਣ ਲਈ ਆਯੋਜਕਾਂ ਨੂੰ ਵਧਾਈ ਦਿੱਤੀ। ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਨਸ਼ੇ ਦੀ ਲੱਤ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦੇ ਨੇ। 

 

ਇਸ ਦੌਰਾਨ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਅੰਮ੍ਰਿਤਸਰ ਵਲੋਂ ਲਾਈ ਗਈ ਪ੍ਰਦਰਸ਼ਨੀ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਈ। ਇਸ ਪ੍ਰਦਰਸ਼ਨੀ ਦੇ ਜ਼ਰੀਏ ਸਥਾਨਕ ਵਾਸੀਆਂ ਨੂੰ ਦੇਸ਼ ਦੀਆਂ 75 ਵਰ੍ਹਿਆਂ ਦੀਆਂ ਉਪਲੱਬਧੀਆਂ ਸਣੇ ਕੇਂਦਰ ਸਰਕਾਰ ਦੀਆਂ ਵੱਖੋ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਪ੍ਰਦਰਸ਼ਨੀ ਵਿੱਚ ਮੁਦਰਾ ਯੋਜਨਾ, ਅਗਨੀਪਥ ਯੋਜਨਾ, ਸਕਿੱਲ ਇੰਡੀਆ ਸਣੇ ਹੋਰਨਾਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਵਿਦਿਆਰਥੀ ਭਵਿੱਖ ਵਿੱਚ ਇਨ੍ਹਾਂ ਯੋਜਨਾਵਾਂ ਦਾ ਲਾਹਾ ਲੈ ਸੱਕਣ। ਇਲਾਕਾਵਾਸੀਆਂ ਵੱਲੋਂ ਪ੍ਰਦਰਸ਼ਨੀ ਦੀ ਸ਼ਲਾਘਾ ਕਰਦਿਆਂ ਇਸਨੂੰ ਇੱਕ ਚੰਗਾ ਉਪਰਾਲਾ ਕਰਾਰ ਦਿੱਤਾ ਗਿਆ। 

 

ਇਸ ਮੌਕੇ ਪੇਂਟਿੰਗ, ਭਾਸ਼ਣ, ਕਵਿਤਾ, ਫੋਟੋਗ੍ਰਾਫੀ ਮੁਕਾਬਲਿਆਂ ਸਣੇ ਸੱਭਿਆਚਾਰਕ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਵੱਡੇ ਪੱਧਰ 'ਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਵੱਖੋ ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਵਧਾਈ ਦਿੱਤੀ ਗਈ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। 

 

ਪ੍ਰੋਗਰਾਮ ਦੌਰਾਨ ਸਕੂਲ ਦੇ ਪ੍ਰਿੰਸੀਪਲ ਨੇ ਨਹਿਰੂ ਯੁਵਾ ਕੇਂਦਰ ਅਤੇ ਵਿਦਿਆਰਥੀਆਂ ਦਾ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਧੰਨਵਾਦ ਕੀਤਾ। ਦੱਸ ਦਈਏ ਕਿ ਕੇਂਦਰੀ ਯੁਵਾ ਅਤੇ ਖੇਡ ਮੰਤਰਾਲੇ ਵੱਲੋਂ ਦੇਸ਼ਭਰ ਵਿੱਚ ਯੁਵਾ ਉਤਸਵ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਲੜੀ ਤਹਿਤ ਫਰੀਦਕੋਟ ਵਿੱਚ ਵੀ ਯੁਵਾ ਉਤਸਵ ਸਮਾਗਮ ਦਾ ਆਯੋਜਨ ਕੀਤਾ ਗਿਆ। ਬਹਿਰਹਾਲ ਇਹ ਪ੍ਰੋਗਰਾਮ ਸਥਾਨਕ ਵਾਸੀਆਂ ਵਿੱਚ ਨਵੀਂ ਊਰਜਾ ਦਾ ਸੰਚਾਰ ਕਰਦਿਆਂ ਅਤੇ ਦੇਸ਼ ਵਿਚ ਨੌਜਵਾਨ ਪੀੜ੍ਹੀ ਦੀ ਮਹੱਤਤਾ ਦਾ ਸੁਨੇਹਾ ਦਿੰਦਿਆਂ ਸਫਲ ਹੋ ਨਿਬੜਿਆ।

 

*************


(रिलीज़ आईडी: 1927539) आगंतुक पटल : 17
इस विज्ञप्ति को इन भाषाओं में पढ़ें: English