ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਸਿਟੀ ਯੂਨੀਅਨ ਬੈਂਕ ਦੇ 120ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਸ਼ਿਰਕਤ ਕੀਤੀ
ਬੈਂਕਿੰਗ ਉਦਯੋਗ ਭਾਰਤ ਦੇ ਵਿਕਾਸ ਦੀ ਗਾਥਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ: ਰਾਸ਼ਟਰਪਤੀ ਮੁਰਮੂ
Posted On:
02 SEP 2025 1:55PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (2 ਸਤੰਬਰ, 2025) ਤਮਿਲ ਨਾਡੂ ਦੇ ਚੇੱਨਈ ਵਿਖੇ ਸਿਟੀ ਯੂਨੀਅਨ ਬੈਂਕ ਦੇ 120ਵੇਂ ਸਥਾਪਨਾ ਦਿਵਸ ਸਮਾਰੋਹ ਦੀ ਵਿੱਚ ਸ਼ਿਰਕਤ ਕੀਤੀ।

ਇਸ ਮੌਕੇ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਬੈਂਕਿੰਗ ਉਦਯੋਗ ਦੇਸ਼ ਦੇ ਵਿਕਾਸ ਦੀ ਗਾਥਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਸ਼ਕਤ ਆਰਥਿਕ ਲੈਂਡਸਕੇਪ ਵਿੱਚ ਲੋਕਾਂ ਦੀਆਂ ਉਮੀਦਾਂ ਵਿਆਪਕ ਤੌਰ ‘ਤੇ ਵਧੀਆਂ ਹਨ।
ਬੈਂਕਾਂ ਦੀ ਭੂਮਿਕਾ ਵਿੱਤੀ ਲੈਣ-ਦੇਣ ਤੋਂ ਕਿਤੇ ਅੱਗੇ ਤੱਕ ਵਿਸਤ੍ਰਿਤ ਹੋ ਗਈ ਹੈ। ਬੈਂਕ ਸਿਰਫ਼ ਫੰਡ ਦੇ ਰਖਵਾਲੇ ਨਹੀਂ ਹਨ। ਅੱਜ ਉਹ ਵਿਭਿੰਨ ਵਿੱਤੀ ਸੇਵਾਵਾਂ ਪ੍ਰਦਾਨ ਕਰਦੇ ਹਨ। ਉਹ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਵਿੱਚ ਵੀ ਸਹਾਇਕ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਦੇ ਮਹੱਤਵਪੂਰਨ ਥੰਮ੍ਹਾਂ ਵਿੱਚੋਂ ਇੱਕ ਵਿੱਤੀ ਸਮਾਵੇਸ਼ ਹੈ, ਜਿਸ ਦਾ ਅਰਥ ਇਹ ਯਕੀਨੀ ਬਣਾਉਣਾ ਹੈ ਕਿ ਹਰੇਕ ਨਾਗਰਿਕ ਦੀ ਕਿਫਾਇਤੀ ਵਿੱਤੀ ਸੇਵਾਵਾਂ ਤੱਕ ਪਹੁੰਚ ਹੋਵੇ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸਿਟੀ ਯੂਨੀਅਨ ਬੈਂਕ ਵਰਗੇ ਬੈਂਕ ਆਪਣੀ ਬੈਂਕਿੰਗ ਪ੍ਰਣਾਲੀ ਰਾਹੀਂ ਵਿੱਤੀ ਸਮਾਵੇਸ਼ ਦੇ ਖੇਤਰ ਵਿੱਚ ਰਾਸ਼ਟਰੀ ਟੀਚਾ ਪੂਰਾ ਕਰਨ ਵਿੱਚ ਮਦਦ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿੱਚ, ਇੱਕ ਵੱਡੀ ਆਬਾਦੀ ਹੁਣ ਵੀ ਗ੍ਰਾਮੀਣ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਰਹਿੰਦੀ ਹੈ ਜਿੱਥੇ ਰਸਮੀ ਬੈਂਕਿੰਗ ਤੱਕ ਸੀਮਿਤ ਪਹੁੰਚ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਸਿਟੀ ਯੂਨੀਅਨ ਬੈਂਕ ਨੇ ਵਿੱਤੀ ਸਮਾਵੇਸ਼ ਦੇ ਖੇਤਰ ਵਿੱਚ ਜ਼ਿਕਰਯੋਗ ਤਰੱਕੀ ਕੀਤੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਬੈਂਕ ਅਤੇ ਵਿੱਤੀ ਟੈਕਨੋਲੋਜੀ ਕੰਪਨੀਆਂ ਵੰਚਿਤ ਭਾਈਚਾਰਿਆਂ ਲਈ ਉਪਭੋਗਤਾਵਾਂ ਦੇ ਅਨੁਕੂਲ ਮੋਬਾਈਲ ਐੱਪ, ਮਾਈਕ੍ਰੋ ਲੋਨ ਅਤੇ ਬੀਮਾ ਉਤਪਾਦ ਉਪਲਬਧ ਕਰਵਾ ਰਹੀਆਂ ਹਨ। ਪੇਮੈਂਟ ਬੈਂਕ, ਡਿਜੀਟਲ ਵਾਲਿਟ ਅਤੇ ਬੈਂਕਿੰਗ ਕੋਰੈਸਪੋਂਡੈਂਟ ਨੇ ਵਿੱਤੀ ਸੇਵਾਵਾਂ ਨੂੰ ਦੂਰ-ਦੁਰਾਡੇ ਦੇ ਪਿੰਡਾਂ ਤੱਕ ਪਹੁੰਚਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਤਰੱਕੀ ਦੇ ਬਾਵਜੂਦ, ਡਿਜੀਟਲ ਸਾਖਰਤਾ, ਇੰਟਰਨੈੱਟ ਦੀ ਪਹੁੰਚ ਅਤੇ ਵਿੱਤੀ ਜਾਗਰੂਕਤਾ ਦੇ ਸੰਦਰਭ ਵਿੱਚ ਹੁਣ ਵੀ ਕਈ ਚੁਣੌਤੀਆਂ ਹਨ। ਸਾਰੇ ਹਿੱਸੇਦਾਰਾਂ ਦੇ ਸਾਂਝੇ ਯਤਨਾਂ ਰਾਹੀਂ, ਲੋਕਾਂ ਨੂੰ ਟੈਕਨੋਲੋਜੀ, ਡਿਜੀਟਲ ਅਤੇ ਵਿੱਤੀ ਸਾਖਰਤਾ ਰਾਹੀਂ ਬੈਂਕਿੰਗ ਸੇਵਾਵਾਂ ਨਾਲ ਬਿਹਤਰ ਢੰਗ ਨਾਲ ਜੋੜਿਆ ਜਾ ਸਕਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਕਿਸਾਨਾਂ ਦਾ ਸਸ਼ਕਤੀਕਰਣ ਅਤੇ ਗ੍ਰਾਮੀਣ ਅਰਥਵਿਵਸਥਾ ਸਾਡੇ ਬੈਂਕਿੰਗ ਖੇਤਰ ਦੀ ਤਰਜੀਹ ਹੋਣੀ ਚਾਹੀਦੀ ਹੈ। ਸਮੇਂ ‘ਤੇ ਅਤੇ ਕਿਫਾਇਤੀ ਲੋਨ ਉਪਲਬਧ ਕਰਵਾ ਕੇ, ਵਿੱਤੀ ਜਾਗਰੂਕਤਾ ਪ੍ਰਦਾਨ ਕਰਕੇ ਅਤੇ ਖੇਤੀਬਾੜੀ-ਟੈਕਨੋਲੋਜੀ ਪਹਿਲਕਦਮੀਆਂ ਨੂੰ ਸਮਰਥਨ ਦੇ ਕੇ, ਬੈਂਕ ਖੇਤੀਬਾੜੀ ਨੂੰ ਟਿਕਾਊ ਅਤੇ ਲਾਭਦਾਇਕ ਬਣਾਉਣ ਵਿੱਚ ਮਦਦ ਕਰ ਸਕਦੇ ਹਨ। ਬੈਂਕ ਐੱਮਐੱਸਐੱਮਈ ਨੂੰ ਵਿਕਾਸ ਦੇ ਇੰਜਣ ਵਿੱਚ ਬਦਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਸਾਡੇ ਬੈਂਕਾਂ ਨੂੰ ਵੰਚਿਤ ਅਤੇ ਹਾਸ਼ੀਏ ‘ਤੇ ਪਏ ਵਰਗਾਂ ਦੀ ਮਦਦ ਲਈ ਵੀ ਕਦਮ ਚੁੱਕਣੇ ਚਾਹੀਦੇ ਹਨ। ਦਿਹਾੜੀ ਮਜ਼ਦੂਰਾਂ ਅਤੇ ਪ੍ਰਵਾਸੀ ਮਜ਼ਦਰਾਂ ਨੂੰ ਬੈਂਕਿੰਗ ਸੇਵਾਵਾਂ ਨਾਲ ਬਿਹਤਰ ਢੰਗ ਨਾਲ ਜੋੜਨ ਲਈ ਵਿਸ਼ੇਸ਼ ਯਤਨ ਕੀਤੇ ਜਾਣੇ ਚਾਹੀਦੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਜਿਵੇਂ-ਜਿਵੇਂ ਸਾਡੀ ਡਿਜੀਟਲ ਅਤੇ ਗਿਆਨ-ਅਧਾਰਿਤ ਅਰਥਵਿਵਸਥਾ ਦਾ ਵਿਸਤਾਰ ਹੋ ਰਿਹਾ ਹੈ, ਡਿਜੀਟਲ ਪਰਿਵਰਤਨ ਅਤੇ ਉੱਦਮਤਾ ਵਿੱਚ ਬੈਂਕਾਂ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੁੰਦੀ ਜਾ ਰਹੀ ਹੈ। ਸਟਾਰਟਅੱਪਸ ਤੋਂ ਲੈ ਕੇ ਸਮਾਰਟ ਸ਼ਹਿਰਾਂ ਤੱਕ, ਅਜਿਹੇ ਕਈ ਖੇਤਰ ਹਨ ਜਿਨ੍ਹਾਂ ਵਿੱਚ ਬੈਂਕ ਮਦਦ ਕਰ ਸਕਦੇ ਹਨ। ਬੈਂਕ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਸਰਗਰਮ ਭਾਗੀਦਾਰ ਬਣ ਸਕਦੇ ਹਨ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -
***
ਐੱਮਜੇਪੀਐੱਸ/ਐੱਸਆਰ
(Release ID: 2163091)
Visitor Counter : 2