ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਨੈਸ਼ਨਲ ਟਰੇਡਰਜ਼ ਵੈਲਫੇਅਰ ਬੋਰਡ (ਐੱਨਟੀਡਬਲਿਊਬੀ) ਨੇ ਹਾਈਬ੍ਰਿਡ ਮੋਡ ਵਿੱਚ ਆਪਣੀ 10ਵੀਂ ਮੀਟਿੰਗ ਆਯੋਜਿਤ ਕੀਤੀ, ਇਸ ਨਾਲ ਡਿਜੀਟਲ ਗਵਰਨੈਂਸ ਅਤੇ ਹਿਤਧਾਰਕਾਂ ਦੀ ਭਾਗੀਦਾਰੀ ਨੂੰ ਮਜ਼ਬੂਤੀ ਮਿਲੀ


ਐੱਨਟੀਡਬਲਿਊਬੀ ਨੇ ਵਪਾਰ ਦੀ ਸਹੂਲੀਅਤ ਦੇ ਉਪਾਵਾਂ ‘ਤੇ ਚਰਚਾ ਕੀਤੀ, ਡੀਜੀਦੁਕਾਨ' ਪ੍ਰਮੁੱਖ ਸ਼ਹਿਰਾਂ ਵਿੱਚ ਵਿਸਤਾਰ ਲਈ ਤਿਆਰ

ਬੋਰਡ ਨੇ ਨਿਰਯਾਤ ਮੁਕਾਬਲੇ ਅਤੇ ਹਿਤਧਾਰਕ ਦੀ ਸ਼ਮੂਲੀਅਤ ਵਧਾਉਣ 'ਤੇ ਧਿਆਨ ਕੇਂਦ੍ਰਿਤ ਕੀਤਾ

Posted On: 23 JUN 2026 7:54PM by PIB Chandigarh

ਨੈਸ਼ਨਲ ਟਰੇਡਰਜ਼ ਵੈਲਫੇਅਰ ਬੋਰਡ (ਐੱਨਟੀਡਬਲਿਊਬੀ) ਦੀ 10ਵੀਂ ਮੀਟਿੰਗ ਅੱਜ ਦਿੱਲੀ ਵਿੱਚ ਹਾਈਬ੍ਰਿਡ ਮੋਡ ਵਿੱਚ ਆਯੋਜਿਤ ਕੀਤੀ ਗਈ। ਸਰਕਾਰ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਤਕਨਾਲੋਜੀ ਅਧਾਰਿਤ ਗਵਰਨੈਂਸ, ਜਨਤਕ ਸਰੋਤਾਂ ਦੀ ਜ਼ਿਆਦਾ ਵਰਤੋਂ ਅਤੇ ਬੇਲੋੜੀ ਯਾਤਰਾ ਅਤੇ ਖਰਚ ਨੂੰ ਘੱਟ ਕਰਨ ਲਈ ਇਸ ਮੀਟਿੰਗ ਵਿੱਚ ਦੇਸ਼ ਭਰ ਦੇ ਮੈਂਬਰਾਂ ਨੇ ਸਿੱਧੀ ਸ਼ਮੂਲੀਅਤ ਅਤੇ ਵਰਚੁਅਲ ਮੋਡ ਦੋਵਾਂ ਮਾਧਿਅਮਾਂ ਰਾਹੀਂ ਹਿੱਸਾ ਲਿਆ। ਹਾਈਬ੍ਰਿਡ ਫਾਰਮੈਟ ਨੇ ਵਿਆਪਕ ਹਿਤਧਾਰਕ ਭਾਗੀਦਾਰੀ ਯਕੀਨੀ ਬਣਾਈ ਅਤੇ ਡਿਜੀਟਲ ਕਨੈਕਟੀਵਿਟੀ ਅਚੇ ਨਾਗਰਿਕ –ਕੇਂਦ੍ਰਿਤ ਇਨੋਵੇਸ਼ਨ ਰਾਹੀਂ ਸ਼ਾਸਨ ਨੂੰ ਮਜ਼ਬੂਤ ਕਰਨ ਵਿੱਚ ਡਿਜੀਟਲ ਇੰਡੀਆ ਪਹਿਲ ਦੀ ਸਫਲਤਾ ਨੂੰ ਪ੍ਰਦਰਸ਼ਿਤ ਕੀਤਾ। 

ਬੋਰਡ ਨੇ ਦੇਸ਼ ਭਰ ਵਿੱਚ ਲਾਗੂ ਕੀਤੀ ਜਾ ਰਹੀ ਵਪਾਰੀ ਭਲਾਈ ਅਤੇ ਵਪਾਰ ਸਹੂਲਤ ਸਬੰਧੀ ਵੱਖ-ਵੱਖ ਪਹਿਲਕਦਮੀਆਂ ਦੀ ਸਮੀਖਿਆ ਕੀਤੀ। ਮੈਂਬਰਾਂ ਨੂੰ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਰਾਜਸਥਾਨ ਟ੍ਰੇਡ ਪ੍ਰਮੋਸ਼ਨ ਪੌਲਿਸੀ ਬਾਰੇ ਦੱਸਿਆ ਜਿਸ ਵਿੱਚ ਟ੍ਰੇਡ ਕ੍ਰੈਡਿਟ ਸਪੋਰਟ, ਬੀਮਾ ਸਹਾਇਤਾ ਅਤੇ ਡਿਜੀਟਲ ਵਣਜ ਨੂੰ ਹੁਲਾਰਾ ਦੇਣ ਨਾਲ ਸਬੰਧਿਤ ਪ੍ਰਾਵਧਾਨ ਸ਼ਾਮਲ ਹਨ। ਵਪਾਰੀਆਂ ਲਈ ਕੇਂਦਰ ਅਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਗਰੂਕਤਾ ਅਤੇ ਪਹੁੰਚ ਵਧਾਉਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ ਗਿਆ। 

'ਡੀਜੀਦੁਕਾਨ' ‘ਤੇ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਗਈ, ਜਿਸ ਵਿੱਚ ਡਿਜੀਟਲ ਅਰਥਵਿਵਸਥਾ ਵਿੱਚ ਛੋਟੇ ਪ੍ਰਚੂਨ ਵਿਕਰੇਤਾਵਾਂ ਅਤੇ ਕਿਰਾਨਾ ਸਟੋਰਾਂ ਦੀ ਪ੍ਰਭਾਵਸ਼ਾਲੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਇੱਕ ਡਿਜੀਟਲ ਕਾਮਰਸ ਪਹਿਲਕਦਮੀ ਬਾਰੇ ਦੱਸਿਆ ਗਿਆ। ਬੋਰਡ ਨੇ ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨਲਾਲ ਸ਼ਰਮਾ ਦੁਆਰਾ 19 ਜੂਨ, 2026 ਨੂੰ ਜੈਪੁਰ ਵਿੱਚ 'ਡੀਜੀਦੁਕਾਨ' ਦੀ ਸਫਲ ਸ਼ੁਰੂਆਤ ਦਾ ਜ਼ਿਕਰ ਕੀਤਾ ਅਤੇ ਵਪਾਰੀਆਂ ਤੋਂ ਮਿਲੀ ਉਤਸ਼ਾਹੀ ਪ੍ਰਤਿਕਿਰਿਆ ਦੀ ਸ਼ਲਾਘਾ ਕੀਤੀ। ਮੁੰਬਈ ਅਤੇ ਬੰਗਲੁਰੂ ਸਮੇਤ ਪ੍ਰਮੁੱਖ ਸ਼ਹਿਰਾਂ ਵਿੱਚ ਵਿਸਥਾਰ ਅਤੇ ਉਸ ਤੋਂ ਬਾਅਦ ਰਾਸ਼ਟਰਵਿਆਪੀ ਪੱਧਰ ‘ਤੇ ਇਸ ਨੂੰ ਲਾਗੂ ਕਰਨ ਦੀਆਂ ਯੋਜਨਾਵਾਂ ‘ਤੇ ਵੀ ਚਰਚਾ ਕੀਤੀ ਗਈ। 

ਬੋਰਡ ਨੂੰ ਦੇਸ਼ ਭਰ ਵਿੱਚ ਵਪਾਰ ਸਹਿਕਾਰਤਾਵਾਂ, ਵਣਜ ਮੰਡਲਾਂ ਅਤੇ ਵਪਾਰੀ ਸੰਗਠਨਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨ ਅਤੇ ਨੀਤੀ-ਨਿਰਮਾਣ ਅਧਿਕਾਰੀਆਂ ਦੇ ਸਾਹਮਣੇ ਵਪਾਰੀਆਂ ਦੀਆਂ ਚਿੰਤਾਵਾਂ ਦੀ ਪ੍ਰਭਾਵੀ ਪ੍ਰਤੀਨਿਧਤਾ ਯਕੀਨੀ ਬਣਾਉਣ ਲਈ ਚੱਲ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ ਗਈ। ਚੇਅਰਪਰਸਨ ਨੇ ਮੈਂਬਰਾਂ ਨੂੰ ਸੂਚਿਤ ਕੀਤਾ ਕਿ ਵਪਾਰੀਆਂ ਅਤੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਅਧਿਕਾਰੀਆਂ ਵਿਚਕਾਰ ਨਿਯਮਿਤ ਸੰਪਰਕ ਨੂੰ ਸੁਵਿਧਾਜਨਕ ਬਣਾਉਣ ਲਈ ਹੁਣ ਤੱਕ 92 ਰਾਸ਼ਟਰਵਿਆਪੀ ਹਫਤਾਵਰ ਵਰਚੁਅਲ ਕਾਨਫਰੰਸਾਂ ਅਤੇ ਹਿਤਧਾਰਕ ਸੰਵਾਦ ਆਯੋਜਿਤ ਕੀਤੇ ਜਾ ਚੁੱਕੇ ਹਨ। 

ਵਿਚਾਰ-ਵਟਾਂਦਰੇ ਦੌਰਾਨ, ਮੈਂਬਰਾਂ ਨੇ ਵਪਾਰੀਆਂ, ਪ੍ਰਚੂਨ ਵਿਕਰੇਤਾਵਾਂ, ਨਿਰਮਾਤਾਵਾਂ, ਨਿਰਯਾਤਕਾਂ ਅਤੇ ਸੇਵਾ ਪ੍ਰਦਾਤਾਵਾਂ ਨਾਲ ਸਬੰਧਿਤ ਕਈ ਮੁੱਦਿਆਂ 'ਤੇ ਚਰਚਾ ਕੀਤੀ। ਪ੍ਰਮੁੱਖ ਮੁੱਦਿਆਂ ਵਿੱਚ ਜੀਐੱਸਟੀ ਦਾ ਤਰਕਸੰਗਤੀਕਰਣ, ਪਾਲਣਾ ਪ੍ਰਕਿਰਿਆਵਾਂ ਦਾ ਸਰਲੀਕਰਣ, ਵਿਰਾਸਤੀ ਵਪਾਰਕ ਦੇਣਦਾਰੀਆਂ ਲਈ ਇੱਕ ਵਾਰ ਦੀ ਨਿਪਟਾਰਾ ਵਿਧੀ, ਨਿਰਯਾਤ ਪ੍ਰਮੋਸ਼ਨ ਉਪਾਅ, ਲੌਜਿਸਟਿਕਸ ਅਤੇ ਬੰਦਰਗਾਹ ਬੁਨਿਆਦੀ ਢਾਂਚਾ, ਪਲਾਂਟ ਕੁਆਰੰਟੀਨ ਅਤੇ ਆਯਾਤ ਸਹੂਲਤ, ਡਿਜੀਟਲ ਕਾਮਰਸ ਨੂੰ ਅਪਣਾਉਣ, ਓਐੱਨਡੀਸੀ ਏਕੀਕਰਣ, ਕਿਫਾਇਤੀ ਕ੍ਰੈਡਿਟ ਤੱਕ ਪਹੁੰਚ, ਬੈਂਕਿੰਗ ਸਬੰਧਿਤ ਮੁੱਦੇ, ਵਪਾਰੀ ਲੈਣ-ਦੇਣ ਖਰਚੇ, ਵਪਾਰੀਆਂ ਲਈ ਪੈਨਸ਼ਨ ਅਤੇ ਸਮਾਜਿਕ ਸੁਰੱਖਿਆ ਉਪਾਅ ਅਤੇ ਮਹਿਲਾ ਉੱਦਮੀਆਂ ਲਈ ਸਮਰਥਨ ਸ਼ਾਮਲ ਸਨ।

ਬੋਰਡ ਨੇ ਖੁਰਾਕ ਸੁਰੱਖਿਆ ਪਾਲਣਾ, ਲਾਇਸੈਂਸ ਅਤੇ ਰਜਿਸਟ੍ਰੇਸ਼ਨ ਪ੍ਰਾਪਤ ਕਰਨ ਵਿੱਚ ਅਸਾਨੀ, ਰਾਜ ਵਪਾਰੀ ਭਲਾਈ ਬੋਰਡਾਂ ਨੂੰ ਮਜ਼ਬੂਤ ਕਰਨ, ਤੁਰੰਤ ਵਣਜ ਪਲੈਟਫਾਰਮਾਂ ਨਾਲ ਪੈਦਾ ਹੋਣ ਵਾਲੀਆਂ ਚਿੰਤਾਵਾਂ, ਸਥਾਨਕ ਵਪਾਰਕ ਈਕੋਸਿਸਟਮ ਨੂੰ ਹੁਲਾਰਾ ਦੇਣਾ, ਅਪੀਲ ਅਤੇ ਵਿਵਾਦ ਸਮਾਧਾਨ ਵਿਧੀਆਂ ਨੂੰ ਸਰਲ ਬਣਾਉਣਾ, ਛੋਟੇ ਅਤੇ ਦਰਮਿਆਨੇ ਉੱਦਮਾਂ ਅਤੇ ਸੇਵਾ ਨਿਰਯਾਤ ਨੂੰ ਅਸਾਨ ਬਣਾਉਣ ਅਤੇ ਵਪਾਰੀ ਭਲਾਈ ਪਹਿਲਕਦਮੀਆਂ ਦੇ ਪ੍ਰਭਾਵੀ ਲਾਗੂ ਕਰਨ ਲਈ ਕੇਂਦਰ-ਰਾਜ ਤਾਲਮੇਲ ਵਿੱਚ ਸੁਧਾਰ ਨਾਲ ਸਬੰਧਿਤ ਮੁੱਦਿਆਂ ‘ਤੇ ਵਿਚਾਰ-ਚਰਚਾ ਕੀਤੀ। 

ਵਪਾਰੀਆਂ ਅਤੇ ਛੋਟੇ ਅਤੇ ਦਰਮਿਆਨੇ ਉੱਦਮਾਂ ਦੀ ਨਿਰਯਾਤ ਵਿੱਚ ਭਾਗੀਦਾਰੀ ਵਧਾਉਣ, ਨਿਰਯਾਤ ਦੇ ਮੌਕਿਆਂ ਬਾਰੇ ਜਾਗਰੂਕਤਾ ਵਧਾਉਣ, ਸੰਸਥਾਗਤ ਸਹਾਇਤਾ ਵਿਧੀਆਂ ਨੂੰ ਮਜ਼ਬੂਤ ਕਰਨ ਅਤੇ ਭਾਰਤ ਨੂੰ ਵਿਸ਼ਵ ਪੱਧਰ ‘ਤੇ ਪ੍ਰਤੀਯੋਗੀ ਵਪਾਰਕ ਰਾਸ਼ਟਰ ਵਜੋਂ ਉਭਾਰਨ ਲਈ ਹੁਲਾਰਾ ਦੇਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। 

ਬੋਰਡ ਨੇ ਖੇਤਰ-ਵਿਸ਼ੇਸ਼ ਮੁੱਦਿਆਂ ਦੀ ਜਾਂਚ ਕਰਨ ਅਤੇ ਨੀਤੀਗਤ ਦਖਲਅੰਦਾਜ਼ੀ ਲਈ ਢਾਂਚਾਗਤ ਸਿਫ਼ਾਰਸ਼ਾਂ ਪ੍ਰਦਾਨ ਕਰਨ ਲਈ ਥੀਮੈਟਿਕ ਕਮੇਟੀਆਂ ਅਤੇ ਕੇਂਦ੍ਰਿਤ ਕਾਰਜ ਸਮੂਹਾਂ ਦੀ ਜ਼ਰੂਰਤ 'ਤੇ ਚਰਚਾ ਕੀਤੀ। ਮੈਂਬਰਾਂ ਨੇ ਸਹਿਮਤੀ ਪ੍ਰਗਟਾਈ ਕਿ ਵੱਖ-ਵੱਖ ਖੇਤਰਾਂ ਅਤੇ ਪ੍ਰਦੇਸ਼ਾਂ ਵਿੱਚ ਹਿਤਧਾਰਾਕਾਂ ਨਾਲ ਨਿਰੰਤਰ ਜੁੜਾਅ ਨਾਲ ਬੋਰਡ ਦੀਆਂ ਪਹਿਲਕਦਮੀਆਂ ਦੀ ਪ੍ਰਭਾਵਸ਼ੀਲਤਾ ਮਜ਼ਬੂਤ ​​ਹੋਵੇਗੀ ਅਤੇ ਵਪਾਰਕ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਦਾ ਸਮੇਂ ਸਿਰ ਸਮਾਧਾਨ ਸੰਭਵ ਹੋਵੇਗਾ।

ਇਸ ਮੀਟਿੰਗ ਦੀ ਪ੍ਰਧਾਨਗੀ ਐੱਨਟੀਡਬਲਿਊਬੀ ਦੇ ਚੇਅਰਮੈਨ ਸ਼੍ਰੀ ਸੁਨੀਲ ਜੇ. ਸਿੰਘੀ ਨੇ ਕੀਤੀ।

ਬੋਰਡ ਨੇ ਇੱਕ ਪ੍ਰਸਤਾਵ ਪਾਸ ਕਰਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਚੁਣੇ ਗਏ ਪ੍ਰਧਾਨ ਮੰਤਰੀ ਰਹਿਣ ‘ਤੇ ਵਧਾਈ ਦਿੱਤੀ। ਪ੍ਰਸਤਾਵ ਵਿੱਚ ਸਰਕਾਰ ਪ੍ਰਮੁੱਖ ਤੌਰ ‘ਤੇ ਉਨ੍ਹਾਂ ਦੇ 12 ਵਰ੍ਹਿਆਂ ਤੋਂ ਵੱਧ ਦੇ ਨਿਰੰਤਰ ਸੇਵਾਕਾਲ ਨੂੰ ਸਵੀਕਾਰ ਕੀਤਾ ਗਿਆ ਅਤੇ ਸੁਸ਼ਾਸਨ, ਸਮਾਵੇਸ਼ੀ ਵਿਕਾਸ, ਆਰਥਿਕ ਸੁਧਾਰ, ਰਾਸ਼ਟਰੀ ਸੁਰੱਖਿਆ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਗਈ। ਬੋਰਡ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਆਤਮਨਿਰਭਰ, ਸਮ੍ਰਿੱਧ ਅਤੇ ਵਿਕਸਿਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਆਪਣਾ ਸਫ਼ਰ ਜਾਰੀ ਰਖੇਗਾ। 

ਚੇਅਰਪਰਸਰਨ ਸ਼੍ਰੀਸੁਨੀਲ ਜੇ. ਸਿੰਘੀ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਿਛਲੇ ਦਹਾਕੇ ਵਿੱਚ ਕੀਤੇ ਗਏ ਪਰਿਵਰਤਨਕਾਰੀ ਸੁਧਾਰਾਂ ‘ਤੇ ਚਾਣਨਾ ਪਾਇਆ, ਜਿਨ੍ਹਾਂ ਵਿੱਚ ਜੀਐੱਸਟੀ ਸੁਧਾਰ, ਡਿਜੀਟਲ ਸ਼ਾਸਨ ਪਹਿਲ, ਜਨ ਧਨ-ਆਧਾਰ-ਮੋਬਾਇਲ ਤ੍ਰਿਮੂਰਤੀ ਰਾਹੀਂ ਵਿੱਤੀ ਸਮਾਵੇਸ਼ਨ, ਪ੍ਰਤੱਖ ਲਾਭ ਟ੍ਰਾਂਸਫਰ (ਡੀਬੀਟੀ), ਕਾਰੋਬਾਰ ਕਰਨ ਵਿੱਚ ਸਰਲਤਾ ਦੇ ਉਪਾਅ ਅਤੇ ਛੋਟੇ ਕਾਰੋਬਾਰਾਂ, ਵਪਾਰੀਆਂ ਅਤੇ ਉੱਦਮੀਆਂ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਕੀਤੀਆਂ ਗਈਆਂ ਪਹਿਲਕਦਮੀਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੁਧਾਰਾਂ ਨੇ ਭਾਰਤ ਦੇ ਆਰਥਿਕ ਈਕੋਸਿਸਟਮ ਨੂੰ ਮਹੱਤਵਪੂਰਨ ਤੌਰ ‘ਤੇ ਮਜ਼ਬੂਤ ​​ਕੀਤਾ ਹੈ ਅਤੇ ਵਪਾਰ ਅਤੇ ਉੱਦਮ ਦੇ ਮੌਕਿਆ ਦਾ ਵਿਸਥਾਰ ਕੀਤਾ ਹੈ।

ਮੀਟਿੰਗ ਦੀ ਸਮਾਪਤੀ ਵਪਾਰੀਆਂ ਲਈ ਅਨੁਕੂਲ ਵਾਤਾਵਰਣ ਬਣਾਉਣ ਲਈ ਨੀਤੀਗਤ ਸਮਰਥਨ, ਡਿਜੀਟਲ ਸਸ਼ਕਤੀਕਰਣ ਵਪਾਰ ਸੁਗਮਤਾ ਸੁਧਾਰ, ਸਮਾਜਿਕ ਸੁਰੱਖਿਆ ਪਹਿਲਕਦਮੀਆਂ ਅਤੇ ਕੇਂਦਰ-ਰਾਜ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਬੋਰਡ ਦੀ ਵਚਨਬੱਧਤਾ ਦੀ ਪੁਸ਼ਟੀ ਨਾਲ ਹੋਈ। ਬੋਰਡ ਨੇ ਵਪਾਰੀਆਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਦੀ ਭਲਾਈ ਅਤੇ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਕੰਮ ਕਰਨ ਅਤੇ ਵਿਕਸਿਤ ਭਾਰਤ 2047 ਦੇ ਵਿਜ਼ਨ ਵਿੱਚ ਸਰਗਰਮ ਯੋਗਦਾਨ ਦੇਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ।

ਇਸ ਮੀਟਿੰਗ ਵਿੱਚ ਦੇਸ਼ ਭਰ ਦੇ ਵਪਾਰਕ ਸੰਗਠਨਾਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੁਮਾਇੰਦੇ ਗੈਰ-ਸਰਕਾਰੀ ਮੈਂਬਰਾਂ ਦੇ ਨਾਲ-ਨਾਲ ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਅਹੁਦੇਦਾਰ ਮੈਂਬਰ ਵੀ ਮੌਜੂਦ ਸਨ। 

***************

ਅਭਿਜੀਤ ਨਰਾਇਣ/ਗਰਿਮਾ ਸਿੰਘ/ਇਸ਼ਿਤਾ ਬਿਸਵਾਸ/ਸਪਨਾ


(Release ID: 2277418) ਵਿਜ਼ੀਟਰ ਕਾਊਂਟਰ : 44