ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਨਵੀਂ ਦਿੱਲੀ ਵਿੱਚ ਵਿਸ਼ਵ ਬੈਂਕ ਸਮੂਹ ਦੀ ‘ਵਿਸ਼ਵ ਵਿਕਾਸ ਰਿਪੋਰਟ 2026: ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਵਾਅਦਾ’ ਨੂੰ ਲਾਂਚ ਕੀਤਾ


ਰਿਪੋਰਟ ਵਿਕਾਸਸ਼ੀਲ ਅਰਥਵਿਵਸਥਾਵਾਂ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਅਪਣਾਉਣ, ਅਨੁਕੂਲ ਅਤੇ ਅੱਗੇ ਵਧਾਉਣ ਦੇ ਮਾਧਿਅਮ ਨਾਲ ਵਿਕਾਸ ਲਈ ਇਸ ਦੀ ਵਰਤੋਂ ਕਰਨ ਲਈ ਇੱਕ ਫ੍ਰੇਮਵਰਕ ਪੇਸ਼ ਕਰਦੀ ਹੈ

ਇੰਡੀਆਈਏਆਈ ਮਿਸ਼ਨ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਅਤੇ ਵਿਸ਼ਵ ਬੈਂਕ ਸਮੂਹ ਨੇ ਸਾਂਝੇ ਤੌਰ ‘ਤੇ ਭਾਰਤ ਵਿੱਚ ਇਸ ਲਾਂਚ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ, ਨੀਤੀ ਨਿਰਮਾਤਾਵਾਂ, ਵਿਕਾਸ ਮਾਹਿਰਾਂ ਅਤੇ ਤਕਨਾਲੋਜੀ ਨੇਤਾਵਾਂ ਨੇ ਸਮਾਵੇਸ਼ੀ ਵਿਕਾਸ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿਸਤਾਰ ‘ਤੇ ਵਿਚਾਰ-ਵਟਾਂਦਰਾ ਕੀਤਾ

ਉੱਚ-ਪੱਧਰੀ ਪੈਨਲ ਅਤੇ ਰਾਜ-ਪੱਧਰੀ ਏਆਈ ਪ੍ਰਦਰਸ਼ਨੀ ਵਿੱਚ ਇਸ ਗੱਲ ’ਤੇ ਵਿਚਾਰ ਕੀਤਾ ਗਿਆ ਕਿ ਭਾਰਤ ਕਿਸ ਤਰ੍ਹਾਂ ਵੱਖ-ਵੱਖ ਏਆਈ ਪ੍ਰਯੋਗਾਤਮਕ ਪ੍ਰੋਜੈਕਟਾਂ ਤੋਂ ਸਬੂਤ-ਅਧਾਰਿਤ ਵਿਆਪਕ ਵਿਸਥਾਰ ਵੱਲ ਅੱਗੇ ਵੱਧ ਸਕਦਾ ਹੈ

Posted On: 08 OCT 2026 6:04PM by PIB Chandigarh

ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ, ਰੇਲਵੇ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਨਵੀਂ ਦਿੱਲੀ ਦੇ ਓਬਰੌਇ ਹੋਟਲ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਵਿਸ਼ਵ ਬੈਂਕ ਸਮੂਹ ਦੀ ਵਿਸ਼ਵ ਵਿਕਾਸ ਰਿਪੋਰਟ 2026: ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਵਾਅਦਾ ਨਾਮਕ ਰਿਪੋਰਟ ਲਾਂਚ ਕੀਤੀ। ਇਹ ਰਿਪੋਰਟ ਵਿਕਾਸਸ਼ੀਲ ਅਰਥਵਿਵਸਥਾਵਾਂ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਵੱਲੋਂ ਪੇਸ਼ ਕੀਤੇ ਮੌਕਿਆਂ ਅਤੇ ਚੁਣੌਤੀਆਂ ਦਾ ਵਿਸ਼ਲੇਸ਼ਣ ਕਰਦੀ ਹੈ ਅਤੇ ਦੇਸ਼ਾਂ ਨੂੰ ਏਆਈ ਨੂੰ ਅਪਣਾਉਣ, ਅਨੁਕੂਲ ਕਰਨ ਅਤੇ ਅੱਗੇ ਵਧਾਉਣ ਦੇ ਮਾਧਿਅਮ ਨਾਲ ਵਿਕਾਸ ਲਈ ਇਸ ਦੀ ਵਰਤੋਂ ਕਰਨ ਵਾਸਤੇ ਇੱਕ ਫ੍ਰੇਮਵਰਕ ਪੇਸ਼ ਕਰਦੀ ਹੈ।

 

ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ਐੱਮਈਆਈਟੀਵਾਈ)(MeitY) ਦੇ ਇੰਡੀਆਏਆਈ ਮਿਸ਼ਨ ਵੱਲੋਂ ਵਿਸ਼ਵ ਬੈਂਕ ਸਮੂਹ ਦੇ ਸਹਿਯੋਗ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਵਿੱਚ ਸੀਨੀਅਰ ਨੀਤੀ-ਨਿਰਮਾਤਾਵਾਂ, ਵਿਸ਼ਵਵਿਆਪੀ ਵਿਕਾਸ ਮਾਹਿਰਾਂ, ਤਕਨਾਲੋਜੀ ਖੇਤਰ ਦੇ ਪ੍ਰਮੁੱਖ ਵਿਅਕਤੀਆਂ ਅਤੇ ਮਾਹਿਰਾਂ ਨੂੰ ਇਕੱਠਾ ਕੀਤਾ ਗਿਆ, ਤਾਂ ਜੋ ਇਸ ਗੱਲ ’ਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ ਕਿ ਇੰਡੀਆ ਏਆਈ ਮਿਸ਼ਨ ਤੋਂ ਮਿਲਣ ਵਾਲੇ ਵਿਕਾਸ ਦੇ ਲਾਭਾਂ ਨੂੰ ਕਿਵੇਂ ਵੱਧ ਤੋਂ ਵੱਧ ਅਤੇ ਸੁਰੱਖਿਅਤ ਢੰਗ ਨਾਲ ਬਣਾਏ ਰੱਖਿਆ ਜਾ ਸਕਦਾ ਹੈ। ਪ੍ਰੋਗਰਾਮ ਵਿੱਚ ਇੱਕ ਰਾਜ ਪੱਧਰੀ ਏਆਈ ਪ੍ਰਦਰਸ਼ਨੀ ਵੀ ਸ਼ਾਮਲ ਸੀ, ਜਿਸ ਵਿੱਚ ਰਾਜਾਂ ਅਤੇ ਇਨੋਵੇਟਰਸ ਨੇ ਦੇਸ਼ ਭਰ ਤੋਂ ਏਆਈ-ਸਮਰੱਥ ਹੱਲ ਪੇਸ਼ ਕੀਤੇ।

 

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਏਆਈ ਵਿਕਾਸਸ਼ੀਲ ਅਰਥਵਿਵਸਥਾਵਾਂ ਵਿੱਚ ਮੁਹਾਰਤ ਤੱਕ ਪਹੁੰਚ ਵਧਾ ਸਕਦਾ ਹੈ, ਉਤਪਾਦਕਤਾ ਦਾ ਵਾਧਾ ਕਰ ਸਕਦਾ ਹੈ ਅਤੇ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਕਰ ਸਕਦਾ ਹੈ। ਏਆਈ-ਸਮਰੱਥ ਉਪਕਰਣਾਂ ਦੀ ਵਰਤੋਂ ਪਹਿਲਾਂ ਤੋਂ ਹੀ ਡਾਕਟਰੀ ਜਾਂਚ, ਖੇਤੀਬਾੜੀ ਸਬੰਧਿਤ ਫੈਸਲੇ ਲੈਣ ਅਤੇ ਸਿੱਖਿਆ ਵਿੱਚ ਕੀਤੀ ਜਾ ਰਹੀ ਹੈ, ਜਿਸ ਨਾਲ ਦੁਰਲੱਭ ਮਾਹਿਰਤਾ ਆਬਾਦੀ ਦੇ ਵੱਡੇ ਹਿੱਸੇ ਤੱਕ ਪਹੁੰਚ ਰਹੀ ਹੈ। ਰਿਪੋਰਟ ਵਿੱਚ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਇਹ ਲਾਭ ਮਜ਼ਬੂਤ ਅਧਾਰਾਂ ‘ਤੇ ਟਿਕੇ ਹਨ, ਜਿਨ੍ਹਾਂ ਵਿੱਚ ਭਰੋਸੇਯੋਗ ਬਿਜਲੀ ਅਤੇ ਕਨੈਕਟੀਵਿਟੀ, ਕੰਪਿਊਟਿੰਗ ਬੁਨਿਆਦੀ ਢਾਂਚਾ, ਗੁਣਵੱਤਾਪੂਰਨ ਡੇਟਾ, ਹੁਨਰ, ਸਿੱਖਿਆ ਪ੍ਰਣਾਲੀ ਅਤੇ ਸਮਰੱਥ ਸੰਸਥਾਨ ਸ਼ਾਮਲ ਹਨ।

ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਮੁੱਖ ਭਾਸ਼ਣ ਦਿੱਤਾ ਅਤੇ ਰਸਮੀ ਤੌਰ ’ਤੇ ਰਿਪੋਰਟ ਪੇਸ਼ ਕੀਤੀ। ਕੇਂਦਰੀ ਮੰਤਰੀ ਨੇ ਤਕਨਾਲੋਜੀ ਦੇ ਲੋਕਤੰਤਰੀਕਰਣ ਲਈ ਭਾਰਤ ਦੇ ਦ੍ਰਿਸ਼ਟੀਕੋਣ ’ਤੇ ਜ਼ੋਰ ਦਿੱਤਾ, ਤਾਂ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਲਾਭ ਦੇਸ਼ ਭਰ ਦੇ ਨਾਗਰਿਕਾਂ, ਉੱਦਮਾਂ ਅਤੇ ਸੰਸਥਾਨਾਂ ਤੱਕ ਪਹੁੰਚ ਸਕਣ।

ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ, “ਏਆਈ ਆਮ ਲੋਕਾਂ ਦੀ ਜੀਵਨ ਨੂੰ ਬਦਲ ਰਿਹਾ ਹੈ। ਬਾਰਾਮਤੀ ਵਿੱਚ, ਜਿਨ੍ਹਾਂ ਕਿਸਾਨਾਂ ਨੇ ਕਦੇ ਕੰਪਿਊਟਰ ਦੀ ਵਰਤੋਂ ਨਹੀਂ ਕੀਤੀ ਸੀ, ਉਨ੍ਹਾਂ ਨੇ ਸਿਰਫ਼ ਫੋਨ ’ਤੇ ਆਵਾਜ਼ ਰਾਹੀਂ ਗੰਨੇ ਦੀ ਪੈਦਾਵਾਰ ਵਿੱਚ 40 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ, ਜਦਕਿ ਪਾਣੀ ਅਤੇ ਖਾਦ ਦੀ ਖਪਤ ਵਿੱਚ 30 ਪ੍ਰਤੀਸ਼ਤ ਘੱਟ ਹੋਈ ਹੈ। ਸਿਹਤ ਸੰਭਾਲ ਵਿੱਚ, ਟੀਬੀ ਦਾ ਪਤਾ ਲਗਾਉਣ ਦੀ ਦਰ ਵਿੱਚ 35 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਅਜਿਹੀਆਂ ਉਦਾਹਰਣਾਂ ਵਿਕਾਸਸ਼ੀਲ ਦੇਸ਼ਾਂ ਅਤੇ ਦੁਨੀਆ ਭਰ ਦੇ ਲੋਕਾਂ ਦੀ ਜੀਵਨ ਨੂੰ ਬਦਲ ਸਕਦੀਆਂ ਹਨ।”

ਕੇਂਦਰੀ ਮੰਤਰੀ ਨੇ ਕਿਹਾ ਕਿ ਬਾਰਾਮਤੀ ਦੀ ਪਹਿਲਕਦਮੀ ਵਿੱਚ ਸੈਟੇਲਾਈਟ, ਆਈਓਟੀ ਅਤੇ ਮੌਸਮ ਸਬੰਧੀ ਡੇਟਾ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਨਾਲ ਮਜ਼ਦੂਰੀ ਦੀ ਲਾਗਤ ਵਿੱਚ ਵੀ ਕਮੀ ਆਈ ਹੈ। ਗੁਜਰਾਤ ਵਿੱਚ ਐਗਰੀਸਟੈਕ ਦੀ ਵਰਤੋਂ 5 ਲੱਖ ਕਿਸਾਨ ਕਰ ਰਹੇ ਹਨ ਅਤੇ ਸਰਲਾਬੇਨ ਰਾਹੀਂ ਪਸ਼ੂਆਂ ਦੀ ਸਿਹਤ ਲਈ ਏਆਈ ਦੀ ਵਰਤੋਂ 3 ਕਰੋੜ ਪਸ਼ੂਆਂ ਅਤੇ ਉਨ੍ਹਾਂ ਦੇ ਕਿਸਾਨਾਂ ਨੂੰ ਲਾਭ ਹੋ ਰਿਹਾ ਹੈ।

ਭਾਰਤ ਏਆਈ ਦੇ ਵਿਕਾਸ ਅਤੇ ਵਰਤੋਂ ਲਈ ਇੱਕ ਮਹੱਤਵਪੂਰਨ ਈਕੋਸਿਸਟਮ ਵਜੋਂ ਉਭਰਿਆ ਹੈ, ਜਿਸ ਦੀ ਐਪਲੀਕੇਸ਼ਨ ਸਿਹਤ ਸੇਵਾ, ਖੇਤੀਬਾੜੀ, ਸਿੱਖਿਆ, ਸੁਸ਼ਾਸਨ, ਵਿੱਤੀ ਸੇਵਾਵਾਂ ਅਤੇ ਜਨਤਕ ਅਤੇ ਆਰਥਿਕ ਮਹੱਤਵ  ਦੇ ਹੋਰ ਖੇਤਰਾਂ ਵਿੱਚ ਹਨ। ਭਾਰਤ ਸਰਕਾਰ ਇੰਡੀਆਏਆਈ ਮਿਸ਼ਨ ਰਾਹੀਂ ਸੱਤ ਥੰਮ੍ਹਾਂ ’ਤੇ ਅਧਾਰਿਤ ਇੱਕ ਵਿਆਪਕ ਏਆਈ ਈਕੋਸਿਸਟਮ ਦਾ ਨਿਰਮਾਣ ਕਰ ਰਹੀ ਹੈ: ਇੰਡੀਆਏਆਈ ਕੰਪਿਊਟਿੰਗ ਸਮਰੱਥਾ, ਸਵਦੇਸ਼ੀ ਬੁਨਿਆਦੀ ਮਾਡਲਾਂ ਲਈ ਇੰਡੀਆਏਆਈ ਇਨੋਵੇਸ਼ਨ ਸੈਂਟਰ, ਇੰਡੀਆਏਆਈ ਡੇਟਾਸੈੱਟ ਪਲੈਟਫਾਰਮ (ਏਆਈਕੋਸ਼), ਇੰਡੀਆਏਆਈ ਐਪਲੀਕੇਸ਼ਨ ਡਿਵੈਲਪਮੈਂਟ ਪਹਿਲ, ਇੰਡੀਆਏਆਈ ਫਿਊਚਰਸਕਿਲਜ਼, ਇੰਡੀਆਏਆਈ ਸਟਾਰਟਅਪ ਫੰਡਿੰਗ ਅਤੇ ਸੁਰੱਖਿਅਤ ਅਤੇ ਭਰੋਸੇਯੋਗ ਏਆਈ।

ਇਸ ਮਿਸ਼ਨ ਦਾ ਉਦੇਸ਼ ਏਆਈ ਵੈਲਿਊ ਚੇਨ ਵਿੱਚ ਭਾਰਤ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ ਹੈ, ਨਾਲ ਹੀ ਇਹ ਯਕੀਨੀ ਬਣਾਉਣਾ ਹੈ ਕਿ ਏਆਈ ਦਾ ਵਿਕਾਸ ਸਮਾਵੇਸ਼ੀ, ਜ਼ਿੰਮੇਵਾਰ ਅਤੇ ਭਾਰਤ ਦੇ ਵਿਸ਼ਾਲ ਆਕਾਰ, ਵਿਭਿੰਨਤਾ ਅਤੇ ਬਹੁ-ਭਾਸ਼ਾਈ ਸੰਦਰਭ ਦੇ ਅਨੁਕੂਲ ਬਣਿਆ ਰਹੇ। ਸਰਕਾਰ ਦਾ ਦ੍ਰਿਸ਼ਟੀਕੋਣ ਕੰਪਿਊਟਿੰਗ, ਡੇਟਾ ਅਤੇ ਮਾਡਲਾਂ ਤੱਕ ਪਹੁੰਚ ਨੂੰ ਲੋਕਤੰਤਰੀ ਬਣਾਉਣ, ਭਾਰਤ-ਵਿਸ਼ੇਸ਼ ਚੁਣੌਤੀਆਂ ਦਾ ਹੱਲ ਕਰਨ ਅਤੇ ਆਰਥਿਕ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ’ਤੇ ਕੇਂਦ੍ਰਿਤ ਹੈ। ਸੁਰੱਖਿਅਤ ਅਤੇ ਭਰੋਸੇਯੋਗ ਏਆਈ ਥੰਮ੍ਹ ਦੇ ਤਹਿਤ, ਸਰਕਾਰ ਜ਼ਿੰਮੇਵਾਰ ਏਆਈ ਲਈ ਸਵਦੇਸ਼ੀ ਉਪਕਰਣਾਂ ਅਤੇ ਢਾਂਚਿਆਂ ਦੇ ਵਿਕਾਸ ਦਾ ਸਮਰਥਨ ਕਰ ਰਹੀ ਹੈ, ਜਿਸ ਵਿੱਚ ਏਆਈ ਪੱਖਪਾਤ ਨੂੰ ਘਟਾਉਣਾ, ਐਲਗੋਰਿਦਮ ਆਡਿਟਿੰਗ, ਵਿਆਖਿਆ ਯੋਗ ਏਆਈ, ਗੋਪਨੀਯਤਾ-ਸੁਰੱਖਿਅਤ ਏਆਈ ਅਤੇ ਡੀਪਫੇਕ ਪਛਾਣ ਸ਼ਾਮਲ ਹਨ ਅਤੇ ਏਆਈ ਦੇ ਸੁਸ਼ਾਸਨ ਅਤੇ ਸੁਰੱਖਿਆ ਲਈ ਸੰਸਥਾਗਤ ਤੰਤਰ ਸਥਾਪਿਤ ਕੀਤੇ ਹਨ।

ਭਾਰਤ ਵਿੱਚ ਇਸ ਪਹਿਲਕਦਮੀ ਦੀ ਸ਼ੁਰੂਆਤ ਨੇ ਨੀਤੀ-ਨਿਰਮਾਤਾਵਾਂ ਅਤੇ ਮਾਹਿਰਾਂ ਨੂੰ ਇਹ ਜਾਂਚਣ ਦਾ ਮੰਚ ਪ੍ਰਦਾਨ ਕੀਤਾ ਕਿ ਸਫਲ ਏਆਈ ਪ੍ਰਯੋਗਾਤਮਕ ਪ੍ਰੋਜੈਕਟਾਂ ਦੀ ਪਛਾਣ, ਮੁਲਾਂਕਣ ਅਤੇ ਵਿਸਥਾਰ ਕਿਵੇਂ ਕੀਤਾ ਜਾ ਸਕਦਾ ਹੈ, ਤਾਂ ਜੋ ਮਾਪਣਯੋਗ ਵਿਕਾਸ ਨਤੀਜੇ ਪ੍ਰਾਪਤ ਕੀਤੇ ਜਾ ਸਕਣ ਅਤੇ ਏਆਈ ਤੋਂ ਪੈਦਾ ਹੋਣ ਵਾਲੇ ਖਤਰਿਆਂ ਤੋਂ ਕਿਵੇਂ ਬਚਾਅ ਕੀਤਾ ਜਾ ਸਕੇ।

ਪ੍ਰੋਗਰਾਮ ਦੀ ਸ਼ੁਰੂਆਤ ਇੰਡੀਆਏਆਈ ਮਿਸ਼ਨ ਦੇ ਮੁੱਖ ਸੰਚਾਲਨ ਅਧਿਕਾਰੀ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਸੁਦੀਪ ਸ੍ਰੀਵਾਸਤਵ ਅਤੇ ਵਿਸ਼ਵ ਬੈਂਕ ਸਮੂਹ ਦੇ ਵਿਕਾਸ ਅਰਥਸ਼ਾਸਤਰ ਅਤੇ ਰਣਨੀਤੀ ਨਿਰਦੇਸ਼ਕ ਡਾ. ਸੋਮਿਕ ਲਾਲ ਦੇ ਸਵਾਗਤੀ ਭਾਸ਼ਣਾਂ ਨਾਲ ਹੋਈ।

ਡਾ. ਸੋਮਿਕ ਲਾਲ ਨੇ ਕਿਹਾ, “ਵਿਸ਼ਵ ਵਿਕਾਸ ਰਿਪੋਰਟ ਦਾ ਇੱਕ ਪ੍ਰਮੁੱਖ ਸੰਦੇਸ਼ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਿਰਮਾਣ ਬਾਰੇ ਨਹੀਂ, ਸਗੋਂ ਇਸ ਦੀ ਵਰਤੋਂ ਬਾਰੇ ਹੈ। ਭਾਰਤ ਕੋਲ ਸੰਸਥਾਨਾਂ, ਬਜ਼ਾਰਾਂ ਅਤੇ ਏਆਈ ਨੂੰ ਇਕੱਠੇ ਲਿਆ ਕੇ ਲੱਖਾਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਦਾ ਇੱਕ ਵਿਲੱਖਣ ਮੌਕਾ ਹੈ।”

ਵਿਸ਼ਵ ਬੈਂਕ ਸਮੂਹ ਦੇ ਮੁੱਖ ਅਰਥਸ਼ਾਸਤਰੀ ਅਤੇ ਸੀਨੀਅਰ ਉਪ ਪ੍ਰਧਾਨ ਡਾ. ਮਾਈਕਲ ਕ੍ਰੇਮਰ ਨੇ “ਏਆਈ ਪ੍ਰਯੋਗਾਤਮਕ ਪ੍ਰੋਜੈਕਟਾਂ ਤੋਂ ਵਿਸਤਾਰ ਤੱਕ: ਭਾਰਤ ਵਿੱਚ ਏਆਈ ਦਾ ਵਾਅਦਾ” ਵਿਸ਼ੇ ’ਤੇ ਮੁੱਖ ਭਾਸ਼ਣ ਦਿੰਦੇ ਹੋਏ ਇਸ ਗੱਲ ਨੂੰ ਉਜਾਗਰ ਕੀਤਾ ਕਿ ਏਆਈ ਦੇ ਖੇਤਰ ਵਿੱਚ ਭਾਰਤ ਦੀ ਤਰੱਕੀ ਤੋਂ ਵਿਆਪਕ ਵਿਕਾਸਸ਼ੀਲ ਦੇਸ਼ਾਂ ਨੂੰ ਸਿੱਖਿਆ ਮਿਲਦੀ ਹੈ। ਉਨ੍ਹਾਂ  ਨੇ ਕਿਹਾ, “ਏਆਈ ਦੇ ਖੇਤਰ ਵਿੱਚ ਭਾਰਤ ਦੀ ਵਿਸ਼ਾਲ ਤਰੱਕੀ ਨਾ ਸਿਰਫ਼ ਆਪਣੀਆਂ ਸਮੱਸਿਆਵਾਂ ਦਾ ਹੱਲ ਕਰ ਰਹੀ ਹੈ, ਸਗੋਂ ਵਿਸ਼ਵ ਲਈ ਵਿਆਪਕ ਵਿਕਾਸ ਚੁਣੌਤੀਆਂ ਦਾ ਵੀ ਹੱਲ ਕਰ ਰਹੀ ਹੈ।”

ਆਂਧਰ ਪ੍ਰਦੇਸ਼ ਵਿੱਚ ਕਿਸਾਨਾਂ ਲਈ ਮੌਸਮ ਸਬੰਧੀ ਸਲਾਹ ਅਤੇ ਐਡਟੈਕ ਹੱਲਾਂ ਦੀਆਂ ਉਦਾਹਰਣਾਂ ਦਿੰਦੇ ਹੋਏ ਉਨ੍ਹਾਂ ਨੇ ਕਿਹਾ, “ਏਆਈ ਹੱਲਾਂ ਦੇ ਵਿਆਪਕ ਵਿਸਥਾਰ ਲਈ ਸਾਨੂੰ ਇੱਕ ਸੰਪੂਰਨ ਪਹੁੰਚ ਦੀ, ਨਾ  ਸਿਰਫ਼ ਸੌਫਟਵੇਅਰ ਦੇ ਤੱਤ, ਸਗੋਂ ਇਸ ਨਾਲ ਜੁੜੇ ਮਨੁੱਖੀ ਅਤੇ ਸੰਸਥਾਗਤ ਤੱਤ ਦੀ ਵੀ ਜ਼ਰੂਰਤ ਹੈ।”

ਡਾ. ਕ੍ਰੇਮਰ ਨੇ ਭਾਰਤ ਦੀ ਏਆਈ ਅਧਾਰਿਤ ਮੌਨਸੂਨ ਭਵਿੱਖਬਾਣੀ ਨੂੰ ਵਿਸ਼ਵ ਲਈ ਇੱਕ ਉਦਾਹਰਣ ਵਜੋਂ ਪੇਸ਼ ਕੀਤਾ। ਭਾਰਤ ਸਰਕਾਰ ਨੇ ਆਪਣੀਆਂ ਮੌਸਮ ਵਿਗਿਆਨ ਏਜੰਸੀਆਂ ਅਤੇ ਖੇਤੀਬਾੜੀ ਮੰਤਰਾਲੇ ਰਾਹੀਂ, ਖੁੱਲ੍ਹੇ ਤੌਰ ’ਤੇ ਉਪਲਬਧ ਮਾਡਲਾਂ ਸਮੇਤ ਕਈ ਏਆਈ ਮਾਡਲਾਂ ਦੀ ਜਾਂਚ ਅਤੇ ਸੰਯੋਜਨ ਕੀਤਾ ਅਤੇ ਟੈਕਸਟ, ਆਵਾਜ਼ ਅਤੇ ਏਆਈ-ਸੰਚਾਲਿਤ ਸਲਾਹਾਂ ਰਾਹੀਂ ਲੱਖਾਂ ਕਿਸਾਨਾਂ ਤੱਕ ਭਵਿੱਖਬਾਣੀਆਂ ਪਹੁੰਚਾਈਆਂ। ਇਸ ਮਾਡਲ ਨੇ ਵਰ੍ਹੇ 2025 ਦੇ ਅਸਧਾਰਣ ਮੌਨਸੂਨ ਦੀ ਭਵਿੱਖਬਾਣੀ ਕੀਤੀ ਸੀ ਅਤੇ ਹੁਣ ਇਥੋਪੀਆ ਵੀ ਭਾਰਤ ਦੀ ਪਾਲਣਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਦਰਸਾਉਂਦਾ ਹੈ ਕਿ ਜਿੱਥੇ ਵਪਾਰਕ ਪ੍ਰੋਤਸਾਹਨ ਕਮਜ਼ੋਰ ਹੁੰਦੇ ਹਨ ਪਰ ਸਮਾਜਿਕ ਸਮਰੱਥਾ ਵਧੇਰੇ ਹੁੰਦੀ ਹੈ, ਉੱਥੇ ਸਰਕਾਰ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ।

ਇਸ ਤੋਂ ਬਾਅਦ ਵਿਸ਼ਵ ਵਿਕਾਸ ਰਿਪੋਰਟ 2026 ਦੇ ਡਾਇਰੈਕਟਰ ਡਾ. ਗੌਰਵ ਨੈਯਰ ਨੇ ਰਿਪੋਰਟ ਦੇ ਮੁੱਖ ਨਤੀਜਿਆਂ ਨੂੰ ਪੇਸ਼ ਕੀਤਾ।

ਡਾ. ਨੈਯਰ ਨੇ ਕਿਹਾ, “ਭਾਰਤ ਪਹਿਲਾਂ ਤੋਂ ਹੀ ਵਿਕਾਸ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਮਾਰਗ ’ਤੇ ਅੱਗੇ ਵੱਧ ਰਿਹਾ ਹੈ। ਸਥਾਨਕ ਹਾਲਾਤਾਂ ਦੇ ਅਨੁਕੂਲ ਉਪਕਰਣਾਂ ਨੂੰ ਅਪਣਾ ਕੇ ਅਤੇ ਸਰਕਾਰ ਇਸ ਨਵੀਂ ਤਕਨਾਲੋਜੀ ਦੇ ਇਨੋਵੇਟਰ, ਉਪਭੋਗਤਾ ਅਤੇ ਰੈਗੂਲੇਟਰ ਦੀ ਭੂਮਿਕਾ ਨਿਭਾ ਰਹੀ ਹੈ। ਏਆਈ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਲਈ ਦਹਾਕਿਆਂ ਵਿੱਚ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕਰ ਸਕਦਾ ਹੈ, ਜੋ ਇੱਕ ਸਦੀ ਵਿੱਚ ਵੀ ਹੱਲ ਨਹੀਂ ਹੋ ਸਕੀਆਂ।”

ਪੇਸ਼ਕਾਰੀ ਵਿੱਚ ਵਿਕਾਸਸ਼ੀਲ ਦੇਸ਼ਾਂ ਲਈ ਰਿਪੋਰਟ ਦੇ ਮੁੱਖ ਸੰਦੇਸ਼: ਆਸ਼ਾਵਾਦੀ ਬਣੋ, ਰਣਨੀਤਕ ਬਣੋ ਅਤੇ ਵਿਹਾਰਕ ਬਣੋ, ਪੇਸ਼ ਕੀਤੇ ਗਏ। ਦੇਸ਼ਾਂ ਨੂੰ ਏਆਈ ਨੂੰ ਅਪਣਾਉਣਾ ਅਤੇ ਇਸ ਵਿੱਚ ਬਦਲਾਅ ਲਿਆਉਣਾ ਚਾਹੀਦਾ ਹੈ ,ਫਿਰ ਅੱਗੇ ਵਧਣਾ ਚਾਹੀਦਾ ਹੈ; ਅਰਬਾਂ ਡਾਲਰ ਖਰਚ ਕਰਕੇ ਉੱਨਤ ਪ੍ਰਣਾਲੀਆਂ ਬਣਾਉਣ ਦੀ ਬਜਾਏ ਏਆਈ ਉਪਕਰਣਾਂ ਨੂੰ ਸਥਾਨਕ ਹਾਲਾਤਾਂ ਦੇ ਅਨੁਕੂਲ ਬਣਾਉਣ ’ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ; ਅਤੇ ਏਆਈ ਦੇ ਇਨੋਵੇਟਰ, ਉਪਭੋਗਤਾ ਅਤੇ ਰੈਗੂਲੇਟਰ ਵਜੋਂ ਲਾਗਤ ਪ੍ਰਤੀ ਸੁਚੇਤ ਵਿਕਲਪ ਚੁਣਨੇ ਚਾਹੀਦੇ ਹਨ। ਇਸ ਵਿੱਚ ਇਹ ਵੀ ਦੱਸਿਆ ਗਿਆ ਕਿ ਵਿਕਾਸਸ਼ੀਲ ਦੇਸ਼ਾਂ ਵਿੱਚ ਰੁਜ਼ਗਾਰ ਵਿੱਚ ਵਿਘਨ ਦਾ ਖਤਰਾ ਓਨਾ ਨੇੜੇ ਨਹੀਂ ਹੈ ਅਤੇ ਏਆਈ ਤੋਂ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲੇ ਦੇਸ਼ ਸ਼ਾਇਦ ਸਭ ਤੋਂ ਘੱਟ ਤਿਆਰ ਹਨ, ਕਿਉਂਕਿ ਵਿਸ਼ਵ ਦੇ 25 ਘੱਟ-ਆਮਦਨ ਵਾਲੇ ਦੇਸ਼ਾਂ ਵਿੱਚੋਂ ਸਿਰਫ਼ ਇੱਕ ਨੇ ਹੀ ਰਾਸ਼ਟਰੀ ਏਆਈ ਰਣਨੀਤੀ ਪ੍ਰਕਾਸ਼ਿਤ ਕੀਤੀ ਹੈ।

ਵਿਸ਼ਵ ਬੈਂਕ ਸਮੂਹ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਨੀਲਕੰਠ ਮਿਸ਼ਰਾ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਸ਼੍ਰੀ ਐੱਸ. ਕ੍ਰਿਸ਼ਣਨ ਨੇ ਵਿਸ਼ੇਸ਼ ਤੌਰ ’ਤੇ ਸੰਬੋਧਨ ਕੀਤਾ।

ਸ਼੍ਰੀ ਐੱਸ. ਕ੍ਰਿਸ਼ਣਨ ਨੇ ਕਿਹਾ, “ਵਿਸ਼ਵ ਵਿਕਾਸ ਰਿਪੋਰਟ ਭਾਰਤ ਦੇ ਏਆਈ ਢਾਂਚੇ (ਕੰਪਿਊਟਿੰਗ, ਡੇਟਾ ਅਤੇ ਮਾਡਲ) ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ ਅਤੇ ਰੈਗੂਲੇਸ਼ਨ: ਮੌਜੂਦਾ ਕਾਨੂੰਨਾਂ ਅਤੇ ਸਵੈ-ਇੱਛੁਕ ਪਾਲਣਾ ‘ਤੇ ਭਰੋਸਾ ਕਰਨਾ ਅਤੇ ਤਕਨਾਲੋਜੀ ਦੇ ਵਿਕਾਸ ਦੇ ਨਾਲ-ਨਾਲ ਰੈਗੂਲੇਸ਼ਨ ਦੀ ਸਮੀਖਿਆ ਕਰਨ ਲਈ ਇੱਕ ਵਿਵਹਾਰਕ ਪਹੁੰਚ ਪੇਸ਼ ਕਰਦੀ ਹੈ।”

ਸ਼੍ਰੀ ਕ੍ਰਿਸ਼ਣਨ ਨੇ ਕਿਹਾ ਕਿ ਮਨੁੱਖੀ ਸਮਰੱਥਾਵਾਂ ਸਭ ਤੋਂ ਵੱਧ ਮਹੱਤਵ ਰੱਖਦੀਆਂ ਹਨ ਅਤੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਏਆਈ ਪ੍ਰਤਿਭਾ ਮਿਸ਼ਨ ’ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਵਿੱਚ ਏਆਈ ਹੁਨਰ ਦੇ ਸਭ ਤੋਂ ਵੱਧ ਪ੍ਰਸਾਰ ਵਾਲੇ ਦੇਸ਼ਾਂ ਵਿੱਚੋਂ ਇੱਕ ਹੋਣ ਦੇ ਨਾਤੇ, ਭਾਰਤ ਵਿਕਾਸਸ਼ੀਲ ਦੇਸ਼ਾਂ ਦਾ ਸਮਰਥਨ ਕਰ ਸਕਦਾ ਹੈ, ਜਦਕਿ ਘਰੇਲੂ ਪੱਧਰ ‘ਤੇ  ਉੱਦਮ ਪੱਧਰ ‘ਤੇ ਏਆਈ ਨੂੰ ਅਪਣਾਉਣ ਦਾ ਵਿਸਥਾਰ ਹੋਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਚੁਸਤ ਅਤੇ ਅਨੁਕੂਲ ਬਣੇ ਰਹਿਣਾ ਚਾਹੀਦਾ ਹੈ।

ਇਸ ਤੋਂ ਬਾਅਦ “ਭਾਰਤ ਵਿੱਚ ਵਿਕਾਸ ਲਈ ਏਆਈ ਦੀ ਵਰਤੋਂ” ਵਿਸ਼ੇ ’ਤੇ ਇੱਕ ਉੱਚ ਪੱਧਰੀ ਪੈਨਲ ਚਰਚਾ ਹੋਈ। ਇਸ ਵਿੱਚ ਤਿੰਨ ਸਵਾਲਾਂ: ਭਾਰਤ ਵਿੱਚ ਏਆਈ ਨੂੰ ਅਪਣਾਉਣ ਦੀਆਂ ਚੁਣੌਤੀਆਂ, ਭਾਰਤ ਏਆਈ ਦਾ ਲਾਭ ਕਿਵੇਂ ਉਠਾ ਸਕਦਾ ਹੈ ਅਤੇ ਇਸ ਨੂੰ ਸਥਾਨਕ ਸੰਦਰਭਾਂ ਅਤੇ ਜ਼ਰੂਰਤਾਂ ਦੇ ਅਨੁਕੂਲ ਕਿਵੇਂ ਢਾਲ ਸਕਦਾ ਹੈ ਅਤੇ ਏਆਈ ਤੋਂ ਪੈਦਾ ਹੋਣ ਵਾਲੇ ਖਤਰਿਆਂ ਨੂੰ ਕੰਟਰੋਲ ਕਰਨ ਲਈ ਜ਼ਰੂਰੀ ਨੀਤੀਆਂ ‘ਤੇ ਵਿਚਾਰ ਕੀਤਾ ਗਿਆ । ਚਰਚਾ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਲਾਭਾਂ ਨੂੰ ਸਾਕਾਰ ਕਰਨ ਲਈ ਅਜਿਹੀਆਂ ਨੀਤੀਆਂ ਦੀ ਜ਼ਰੂਰਤ ਹੋਵੇਗੀ ਜੋ ਇਹ ਯਕੀਨੀ ਬਣਾਉਣ ਕਿ ਇਸ ਦੇ ਲਾਭ ਵਿਆਪਕ ਤੌਰ ’ਤੇ ਸਾਂਝੇ ਕੀਤੇ ਜਾਣ ਅਤੇ ਇਸ ਦੇ ਖਤਰਿਆਂ ਨੂੰ ਸਖ਼ਤੀ ਨਾਲ ਕੰਟਰੋਲ ਕੀਤਾ ਜਾਵੇ।

ਇਸ ਪੈਨਲ ਵਿੱਚ ਵਿਸ਼ਵ ਬੈਂਕ ਸਮੂਹ ਦੇ ਕਾਰਜਕਾਰੀ ਨਿਦੇਸ਼ਕ ਸ਼੍ਰੀ ਨੀਲਕੰਠ ਮਿਸ਼ਰਾ, ਵਿਸ਼ਵ ਬੈਂਕ ਸਮੂਹ ਦੇ ਵਿਕਾਸ ਅਰਥਸ਼ਾਸਤਰ ਰਣਨੀਤੀ ਨਿਰਦੇਸ਼ਕ ਡਾ. ਸੋਮਿਕ ਲਾਲ, ਸਰਵਮ ਏਆਈ ਦੇ ਸਹਿ-ਸੰਸਥਾਪਕ ਡਾ. ਵਿਵੇਕ ਰਾਘਵਨ, ਵਧਵਾਨੀ ਏਆਈ ਦੇ ਮੁੱਖ ਪ੍ਰੋਗਰਾਮ ਅਧਿਕਾਰੀ ਡਾ. ਨੀਰਜ ਅਗਰਵਾਲ, ਭਾਰਤਜੈਨ ਦੇ ਉਪ ਪ੍ਰਧਾਨ ਸ਼੍ਰੀ ਮਨੀਸ਼ ਸਿੰਘ ਅਤੇ ਏਕਸਟੈਪ ਫਾਊਂਡੇਸ਼ਨ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਸ਼ੰਕਰ ਮਰੁਵਾਡਾ ਸ਼ਾਮਲ ਸਨ। ਸੈਸ਼ਨ ਦਾ ਸੰਚਾਲਨ ਸੀਐੱਨਬੀਸੀ-ਟੀਵੀ18 ਦੀ ਪ੍ਰਬੰਧ ਸੰਪਾਦਕ ਸ਼੍ਰੀਮਤੀ ਸ਼ੇਰੀਨ ਭਾਨ ਨੇ ਕੀਤਾ। ਪੈਨਲਿਸਟਾਂ ਨੇ ਕੁਝ ਪ੍ਰਯੋਗਾਤਮਕ ਪ੍ਰੋਜੈਕਟਾਂ ਤੋਂ ਅੱਗੇ ਵਧ ਕੇ ਸਬੂਤ-ਅਧਾਰਿਤ ਵਿਸਥਾਰ ਕਰਨ, ਸਥਾਨਕ ਸਮਰੱਥਾਵਾਂ ਨੂੰ ਮਜ਼ਬੂਤ ਬਣਾਉਣ, ਡੇਟਾ ਅਤੇ ਕੰਪਿਊਟਿੰਗ ਤੱਕ ਪਹੁੰਚ ਵਿੱਚ ਸੁਧਾਰ ਕਰਨ, ਉਪਯੁਕਤ ਸੰਸਥਾਗਤ ਢਾਂਚੇ ਸਥਾਪਿਤ ਕਰਨ ਅਤੇ ਭਾਰਤ ਦੇ ਵਿਭਿੰਨ ਸਮਾਜਿਕ ਅਤੇ ਆਰਥਿਕ ਸੰਦਰਭਾਂ ਦੇ ਅਨੁਕੂਲ ਏਆਈ ਹੱਲਾਂ ਨੂੰ ਪ੍ਰਾਸੰਗਿਕ ਬਣਾਈ ਰੱਖਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।

ਪੈਨਲ ਚਰਚਾ ਤੋਂ ਬਾਅਦ “ਭਾਰਤ ਭਰ ਤੋਂ ਏਆਈ ਨਵੀਨਤਾਵਾਂ” ਵਿਸ਼ੇ ’ਤੇ ਰਾਜ ਏਆਈ ਪ੍ਰਦਰਸ਼ਨ ਹੋਇਆ, ਜਿਸ ਵਿੱਚ ਪੈਨ ਇੰਡੀਆ ਦ੍ਰਿਸ਼ਟੀਕੋਣ ਤੋਂ ਇਹ ਦਰਸਾਇਆ ਗਿਆ ਕਿ ਕਿਵੇਂ ਰਾਜ ਸਥਾਨਕ ਅਤੇ ਵਿਕਾਸ ਸਬੰਧੀ ਚੁਣੌਤੀਆਂ ਦੇ ਹੱਲ ਲਈ ਵੱਖ-ਵੱਖ ਖੇਤਰਾਂ ਵਿੱਚ ਸਕੇਲੇਬਲ ਏਆਈ ਐਪਲੀਕੇਸ਼ਨਾਂ ਦੀ ਵਰਤੋਂ ਕਰ ਰਹੇ ਹਨ। ਹਰੇਕ ਪੇਸ਼ਕਾਰ ਨੇ ਇੱਕ ਪ੍ਰਮੁੱਖ ਏਆਈ-ਸਮਰੱਥ ਹੱਲ, ਉਸ ਦੇ ਲਾਗੂ ਕਰਨ ਦੀ ਪ੍ਰਕਿਰਿਆ ਅਤੇ ਉਸ ਦੇ ਮਾਪਣ ਯੋਗ ਪ੍ਰਭਾਵ ਨੂੰ ਉਜਾਗਰ ਕੀਤਾ। ਪੇਸ਼ਕਾਰੀਆਂ ਇਸ ਪ੍ਰਕਾਰ ਸਨ:

  • ਨਵਚੇਤਨਾ, 0 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਵਿਕਾਸਾਤਮਕ ਦੇਰੀ ਦਾ ਪਤਾ ਲਗਾਉਣ ਲਈ ਏਆਈ-ਸਮਰੱਥ ਸ਼ੁਰੂਆਤੀ ਸਕ੍ਰੀਨਿੰਗ ਪਹਿਲਕਦਮੀ ਪੇਸ਼ ਕੀਤੀ ਗਈ। ਇਸ ਨੂੰ ਆਂਧਰ ਪ੍ਰਦੇਸ਼ ਦੇ ਮਹਿਲਾ ਵਿਕਾਸ ਅਤੇ ਬਾਲ ਕਲਿਆਣ ਵਿਭਾਗ ਦੇ ਡਾਇਰੈਕਟਰ ਸ਼੍ਰੀ ਐੱਮ. ਵੇਣੂਗੋਪਾਲ ਰੈੱਡੀ ਦੁਆਰਾ  ਪੇਸ਼ ਕੀਤਾ ਗਿਆ;

  • ਮਹਾਵਿਸਤਾਰ ਏਆਈ, ਵਿਅਕਤੀਗਤ ਸਲਾਹ, ਡਿਜੀਟਲ ਸੇਵਾਵਾਂ ਅਤੇ ਕਿਸਾਨਾਂ ਦੀ ਭਾਗੀਦਾਰੀ ਲਈ ਇੱਕ ਕਨੈਕਟਿਡ ਪਲੈਟਫਾਰਮ ਦੀ ਪੇਸ਼ਕਾਰੀ ਕੀਤੀ ਗਈ। ਇਸ ਨੂੰ ਮਹਾਰਾਸ਼ਟਰ ਦੇ ਪੀਓਸੀਆਰਏ ਪ੍ਰੋਜੈਕਟ ਦੇ ਸ਼੍ਰੀ ਫਹੀਮ ਸ਼ੇਖ ਨੇ ਪੇਸ਼ ਕੀਤਾ;

  • ਐਡਸਕਗ੍ਰਿਡ, ਸਿੱਖਿਆ ਲਈ ਇੱਕ ਜੀਓਏਆਈ ਗਵਰਨੈਂਸ ਇੰਟੈਲੀਜੈਂਸ ਹੱਲ ਦੀ ਪੇਸ਼ਕਾਰੀ ਕੀਤੀ ਗਈ, ਜਿਸ ਨੂੰ ਮੇਘਾਲਿਆ ਦੇ ਰਾਜ ਪ੍ਰੋਜੈਕਟ ਡਾਇਰੈਕਟਰ, ਸਮਗ੍ਰ ਸਿੱਖਿਆ ਅਭਿਆਨ ਅਤੇ ਸਕੂਲ ਸਿੱਖਿਆ ਅਤੇ ਸਾਖਰਤਾ ਡਾਇਰੈਕਟਰ ਸੁਸ਼੍ਰੀ ਰਿਚਾ ਕੁਲਕਰਨੀ ਨੇ ਪੇਸ਼ ਕੀਤਾ;

  • ਵਿਊਹਾ-ਸਰਵਏਆਈ, ਪੁਆਇੰਟ ਆਫ ਕੇਅਰ ਲਈ ਇੱਕ ਸਰਵਾਈਕਲ ਕੈਂਸਰ ਸਕ੍ਰੀਨਿੰਗ ਹੱਲ ਪੇਸ਼ ਕੀਤਾ ਗਿਆ, ਜਿਸ ਨੂੰ ਐੱਨਸੀਜੀ ਕੈਚ ਗ੍ਰਾਂਟ ਦੇ ਜੇਤੂ, ਵਿਊਹਾ ਮੈਡ ਡੇਟਾ ਦੇ ਸਹਿ-ਸੰਸਥਾਪਕ ਅਤੇ ਸੀਈਓ ਸ਼੍ਰੀ ਧ੍ਰਿਤੀਮਾਨ ਮੱਲਿਕ ਨੇ ਪੇਸ਼ ਕੀਤਾ;

ਇਸ ਪ੍ਰਦਰਸ਼ਨੀ ਵਿੱਚ ਵੱਖ-ਵੱਖ ਦ੍ਰਿਸ਼ਟੀਕੋਣਾਂ, ਉੱਭਰ ਰਹੇ ਮਾਡਲਾਂ ਅਤੇ ਭੂਗੋਲਿਕ ਖੇਤਰਾਂ ਵਿੱਚ ਅਨੁਕੂਲਨ ਦੀ ਸਮਰੱਥਾ ਰੱਖਣ ਵਾਲੇ ਹੱਲਾਂ ਨੂੰ ਉਜਾਗਰ ਕੀਤਾ ਗਿਆ।

ਵਿਚਾਰ-ਵਟਾਂਦਰੇ ਦੌਰਾਨ ਏਆਈ ਵਿੱਚ ਜਨਤਕ ਵਿਸ਼ਵਾਸ ਵਧਾਉਣ ਅਤੇ ਇਹ ਯਕੀਨੀ ਬਣਾਉਣ ਦੇ ਮਹੱਤਵ ’ਤੇ ਜ਼ੋਰ ਦਿੱਤਾ ਗਿਆ ਕਿ ਤਕਨਾਲੋਜੀ ਦਾ ਵਿਕਾਸ ਸੁਰੱਖਿਅਤ, ਜ਼ਿੰਮੇਵਾਰ ਅਤੇ ਸਮਾਵੇਸ਼ੀ ਢੰਗ ਨਾਲ ਹੋਵੇ। ਭਾਰਤ ਵੱਲੋਂ ਵਿਸ਼ਵ ਵਿਕਾਸ ਰਿਪੋਰਟ 2026: ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਵਾਅਦਾ ਦੀ ਸ਼ੁਰੂਆਤ, ਵਿਕਾਸ ਦੇ ਇਨੋਵੇਟਰ ਵਜੋਂ ਏਆਈ ਦੀ ਵਰਤੋਂ ਕਰਨ ‘ਤੇ ਵਿਸ਼ਵਵਿਆਪੀ ਸੰਵਾਦ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਦੇਸ਼ਾਂ ਲਈ ਏਆਈ ਵਿੱਚ ਹੋਈ ਤਰੱਕੀ ਨੂੰ ਵਿਆਪਕ ਅਤੇ ਟਿਕਾਊ ਵਿਕਾਸ ਦੇ ਨਤੀਜਿਆਂ ਵਿੱਚ ਤਬਦੀਲ ਕਰਨ ਲਈ ਲੋੜੀਂਦੀਆਂ ਬੁਨਿਆਦੀ ਸਮਰੱਥਾਵਾਂ, ਸੰਸਥਾਨਾਂ ਅਤੇ ਨੀਤੀਗਤ ਢਾਂਚੇ ਦੇ ਨਿਰਮਾਣ ਦੀ ਜ਼ਰੂਰਤ ਦਾ ਜ਼ਿਕਰ ਕਰਦਾ ਹੈ।

ਪ੍ਰੋਗਰਾਮ ਦੀ ਸਮਾਪਤੀ ਸ਼੍ਰੀ ਮੁਹੰਮਦ ਵਾਈ. ਸਫੀਰੁੱਲਾ ਕੇ., ਆਈਏਐੱਸ, ਡਾਇਰੈਕਟਰ, ਇੰਡੀਆਏਆਈ ਮਿਸ਼ਨ ਦੇ ਸਮਾਪਤੀ ਭਾਸ਼ਣ ਨਾਲ ਹੋਈ।

*********

ਵਿਨੋਦ ਕੁਮਾਰ/ਧੰਨਿਆ ਰੰਜਨ/ਕਨਿਸ਼ਕ ਸ਼ਰਮਾ/ਏਕੇ


(Release ID: 2322334) ਵਿਜ਼ੀਟਰ ਕਾਊਂਟਰ : 7