ਖੇਤੀਬਾੜੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਰਾਂਚੀ ਸਥਿਤ ICAR-IIAB ਦੀਆਂ ਵੱਖ-ਵੱਖ ਨਵੀਆਂ ਸਹੂਲਤਾਂ ਦਾ ਕੀਤਾ ਉਦਘਾਟਨ
ਸ਼੍ਰੀ ਚੌਹਾਨ ਨੇ ਵਿਗਿਆਨੀਆਂ ਵੱਲੋਂ ‘ਲੈਬ ਸੇ ਲੈਂਡ’ ਤੱਕ ਤਿਆਰ ਕੀਤੀਆਂ ਤਕਨੀਕਾਂ ਨੂੰ ਪਹੁੰਚਾਉਣ ਦੇ ਯਤਨਾਂ ਦੀ ਕੀਤੀ ਸ਼ਲਾਘਾ
ਸ਼੍ਰੀ ਚੌਹਾਨ ਨੇ ਝਾਰਖੰਡ ਵਿੱਚ ਵਿਗਿਆਨਕ ਖੇਤੀਬਾੜੀ, ਉੱਨਤ ਬੀਜਾਂ, ਏਕੀਕ੍ਰਿਤ ਖੇਤੀ ਪ੍ਰਣਾਲੀ, ਸੰਤੁਲਿਤ ਪੋਸ਼ਕ ਤੱਤ ਪ੍ਰਬੰਧਨ ਅਤੇ ਸਥਾਨ ਹਾਲਾਤਾਂ ਅਨੁਸਾਰ ਖੇਤੀ ਤਕਨੀਕਾਂ ਦੀ ਮਹੱਤਤਾ ’ਤੇ ਦਿੱਤਾ ਜ਼ੋਰ
ICAR-IIAB ਵੱਲੋਂ 1,500 ਕਿਸਾਨਾਂ ਲਈ ਪ੍ਰੀ-ਰਬੀ ਕਿਸਾਨ ਗੋਸ਼ਟੀ ਦਾ ਆਯੋਜਨ
Posted On:
08 OCT 2026 8:37PM by PIB Chandigarh
ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਅਧੀਨ ਭਾਰਤੀ ਖੇਤੀਬਾੜੀ ਜੈਵ-ਤਕਨਾਲੋਜੀ ਸੰਸਥਾਨ (ICAR-IIAB), ਗੜਖਟੰਗਾ, ਰਾਂਚੀ ਵੱਲੋਂ ਅਨੁਸੂਚਿਤ ਜਾਤੀ ਉਪ-ਯੋਜਨਾ (SCSP) ਅਤੇ ਜਨਜਾਤੀ ਉਪ-ਯੋਜਨਾ (TSP) ਤਹਿਤ 8 ਅਕਤੂਬਰ, 2026 ਨੂੰ ਪ੍ਰੀ-ਰਬੀ ਕਿਸਾਨ ਗੋਸ਼ਟੀ-ਕਮ-ਖੇਤੀ ਇਨਪੁੱਟ ਵੰਡ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਰਾਂਚੀ, ਖੂੰਟੀ, ਗੁਮਲਾ ਅਤੇ ਰਾਮਗੜ੍ਹ ਜ਼ਿਲ੍ਹਿਆਂ ਦੇ ਲਗਭਗ 1,500 ਕਿਸਾਨਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦਾ ਉਦੇਸ਼ ਕਿਸਾਨਾਂ, ਵਿਗਿਆਨੀਆਂ ਅਤੇ ਨੀਤੀ-ਘਾੜਿਆਂ ਵਿਚਕਾਰ ਸਿੱਧਾ ਸੰਵਾਦ ਸਥਾਪਿਤ ਕਰਨਾ ਅਤੇ ਕਿਸਾਨਾਂ ਨੂੰ ਵਿਗਿਆਨਕ ਤੇ ਟਿਕਾਊ ਖੇਤੀ ਤਰੀਕੇ ਅਪਣਾਉਣ ਲਈ ਉਤਸ਼ਾਹਿਤ ਕਰਨਾ ਸੀ।
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ICAR-IIAB ਦੀਆਂ ਵੱਖ-ਵੱਖ ਨਵੀਆਂ ਸਹੂਲਤਾਂ ਦਾ ਉਦਘਾਟਨ ਕੀਤਾ। ਇਨ੍ਹਾਂ ਵਿੱਚ ਪ੍ਰਸ਼ਾਸਕੀ-ਕਮ-ਸਕੂਲ ਇਮਾਰਤ, ਬਿਰਸਾ ਮੁੰਡਾ ਬਹੁ-ਮੰਤਵੀ ਸਭਾਗਾਰ, ਜੈਪਾਲ ਸਿੰਘ ਮੁੰਡਾ ਖੇਡ ਕੰਪਲੈਕਸ ਅਤੇ NEXTGEN ਬ੍ਰੀਡਿੰਗ ਸਹੂਲਤ ਸ਼ਾਮਲ ਹਨ। ਇਸ ਦੇ ਨਾਲ ਹੀ ICAR-IIAB ਵਿੱਚ 119 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਗੈਸਟ ਹਾਊਸ ਦਾ ਨੀਂਹ ਪੱਥਰ ਵੀ ਰੱਖਿਆ ਗਿਆ।
ਪ੍ਰੋਗਰਾਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਝਾਰਖੰਡ ਦੀ ਅਮੀਰ ਕੁਦਰਤੀ ਅਤੇ ਰਵਾਇਤੀ ਵਿਰਾਸਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਥੋਂ ਦੀਆਂ ਕਬਾਇਲੀ ਪਰੰਪਰਾਵਾਂ ਵਿੱਚ ਪਾਣੀ, ਪੌਦਿਆਂ ਅਤੇ ਕੁਦਰਤ ਦੇ ਹੋਰ ਤੱਤਾਂ ਦੀ ਸੰਭਾਲ ਅਤੇ ਉਨ੍ਹਾਂ ਦੀ ਮਹੱਤਤਾ ਬਾਰੇ ਡੂੰਘੀ ਸਮਝ ਮੌਜੂਦ ਹੈ। ਉਨ੍ਹਾਂ ਨੇ ICAR-IIAB ਨੂੰ ਖੋਜ, ਨਵੀਨਤਾ ਅਤੇ ਆਤਮ-ਨਿਰਭਰਤਾ ਦੇ ਸੰਗਮ ਵਜੋਂ ਰੇਖਾਂਕਿਤ ਕੀਤਾ।
ਸ਼੍ਰੀ ਚੌਹਾਨ ਨੇ ਕਿਹਾ ਕਿ ਖੇਤੀਬਾੜੀ ਦੀਆਂ ਮੌਜੂਦਾ ਚੁਣੌਤੀਆਂ ਨਾਲ ਨਿਪਟਣ ਲਈ ਰਵਾਇਤੀ ਗਿਆਨ ਦੇ ਨਾਲ-ਨਾਲ ਵਿਗਿਆਨਕ ਅਤੇ ਤਕਨੀਕ-ਅਧਾਰਿਤ ਖੇਤੀ ਨੂੰ ਅਪਣਾਉਣਾ ਜ਼ਰੂਰੀ ਹੈ। ਉਨ੍ਹਾਂ ਨੇ ਝਾਰਖੰਡ ਦੇ ਸਥਾਨਕ ਹਾਲਾਤਾਂ ਅਤੇ ਉਪਲਬਧ ਸਰੋਤਾਂ ਅਨੁਸਾਰ ਢੁਕਵੀਆਂ ਫ਼ਸਲਾਂ ਅਤੇ ਕਿਸਮਾਂ ਦੀ ਚੋਣ ਕਰਨ, ਕਿਸਾਨਾਂ ਨੂੰ ਉੱਨਤ ਬੀਜ ਮੁਹੱਈਆ ਕਰਵਾਉਣ ਅਤੇ ਖੇਤੀ ਖੋਜ ਸੰਸਥਾਵਾਂ ਵੱਲੋਂ ਵਿਕਸਿਤ ਤਕਨੀਕਾਂ ਨੂੰ ਖੇਤਾਂ ਤੱਕ ਪਹੁੰਚਾਉਣ ’ਤੇ ਜ਼ੋਰ ਦਿੱਤਾ।
ਕੇਂਦਰੀ ਖੇਤੀਬਾੜੀ ਮੰਤਰੀ ਨੇ ਸਬਜ਼ੀਆਂ, ਅਨਾਜ ਅਤੇ ਪਸ਼ੂ-ਪਾਲਣ ਨੂੰ ਸ਼ਾਮਲ ਕਰਦੀ ਏਕੀਕ੍ਰਿਤ ਖੇਤੀ ਪ੍ਰਣਾਲੀ, ਸੰਤੁਲਿਤ ਪੋਸ਼ਕ ਤੱਤ ਪ੍ਰਬੰਧਨ ਅਤੇ ਖਾਦਾਂ ਦੀ ਸਹੀ ਵਰਤੋਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨਕਲੀ ਬੀਜਾਂ, ਮਿਲਾਵਟੀ ਖਾਦਾਂ ਅਤੇ ਘਟੀਆ ਕੀਟਨਾਸ਼ਕਾਂ ਦੀ ਸਮੱਸਿਆ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਪਾਉਣ ਦੀ ਲੋੜ ‘ਤੇ ਵਿਸ਼ੇਸ਼ ਜ਼ੋਰ ਦਿੱਤਾ।
ਉਨ੍ਹਾਂ ਨੇ ਕਿਸਾਨ ਭਲਾਈ ਯੋਜਨਾਵਾਂ ਦਾ ਲਾਭ ਹਰ ਪਿੰਡ ਤੱਕ ਪਹੁੰਚਾਉਣ ਅਤੇ ਆਉਣ ਵਾਲੇ ਹਾੜ੍ਹੀ ਦੇ ਸੀਜ਼ਨ ਲਈ ਕਿਸਾਨਾਂ ਨੂੰ ਵਿਗਿਆਨਕ ਜਾਣਕਾਰੀ ਤੇ ਸਿਖਲਾਈ ਮੁਹੱਈਆ ਕਰਵਾਉਣ ਦਾ ਸੱਦਾ ਦਿੱਤਾ। ਵਿਗਿਆਨੀਆਂ ਵੱਲੋਂ ‘ਲੈਬ ਟੂ ਲੈਂਡ’ ਵੱਲ ਤਕਨੀਕਾਂ ਪਹੁੰਚਾਉਣ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਆਉਣ ਵਾਲੇ ਦਿਨਾਂ ਵਿੱਚ ਦੇਸ਼-ਵਿਆਪੀ ‘ਖੇਤ ਬਚਾਓ ਮੁਹਿੰਮ’ ਸ਼ੁਰੂ ਕਰਨ ਦਾ ਸੱਦਾ ਵੀ ਦਿੱਤਾ।
ਇਸ ਮੌਕੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਭਾਗੀਰਥ ਚੌਧਰੀ ਨੇ ਆਪਣੇ ਸੰਬੋਧਨ ਵਿੱਚ ਦੇਸ਼ ਦੀ ਖੁਰਾਕ ਸੁਰੱਖਿਆ ਅਤੇ ਵਿਕਾਸ ਵਿੱਚ ਕਿਸਾਨਾਂ ਦੀ ਅਹਿਮ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਆਧੁਨਿਕ ਖੇਤੀ ਤਕਨੀਕਾਂ ਅਪਣਾਉਣ, ਉਤਪਾਦਾਂ ਦੀ ਕੀਮਤ ਵਧਾਉਣ, ਕਿਸਾਨ ਉਤਪਾਦਕ ਸੰਗਠਨਾਂ ਅਤੇ ਖੇਤੀਬਾੜੀ ਵਿਗਿਆਨ ਕੇਂਦਰਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ, ਮਿੱਟੀ ਦੀ ਜਾਂਚ ਅਤੇ ਸੰਤੁਲਿਤ ਖਾਦਾਂ ਦੀ ਵਰਤੋਂ ’ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਕਿਸਾਨਾਂ ਨੂੰ ਆਪਣੀ ਖੇਤੀਬਾੜੀ ਜ਼ਮੀਨ ਦੇ ਇੱਕ ਹਿੱਸੇ ਵਿੱਚ ਕੁਦਰਤੀ ਖੇਤੀ ਦਾ ਤਜਰਬਾ ਕਰਨ ਲਈ ਉਤਸ਼ਾਹਿਤ ਕੀਤਾ। ਇਸ ਦੇ ਨਾਲ ਹੀ ਨਕਲੀ ਬੀਜਾਂ, ਮਿਲਾਵਟੀ ਖਾਦਾਂ ਅਤੇ ਘਟੀਆ ਕੀਟਨਾਸ਼ਕਾਂ ਤੋਂ ਕਿਸਾਨਾਂ ਨੂੰ ਸੁਰੱਖਿਅਤ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਸਾਨ ਭਲਾਈ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਖੇਤੀ ਤਕਨੀਕਾਂ ਨੂੰ ‘ਲੈਬ ਟੂ ਲੈਂਡ’ ਰਾਹੀਂ ਕਿਸਾਨਾਂ ਤੱਕ ਪਹੁੰਚਾਉਣ ਦੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਡਾ. ਐੱਮ. ਐੱਲ. ਜਾਟ, ਸਕੱਤਰ, ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (DARE) ਅਤੇ ਡਾਇਰੈਕਟਰ ਜਨਰਲ, ICAR ਨੇ ਪੂਰਬੀ ਭਾਰਤ ਵਿੱਚ ਖੇਤੀਬਾੜੀ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਦੀਆਂ ਸੰਭਾਵਨਾਵਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਝਾਰਖੰਡ ਵਿੱਚ ਖੇਤੀਬਾੜੀ ਖੋਜ ਅਤੇ ਗਿਆਨ ਸੰਸਥਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਰਾਇਸ-ਫਾਲੋ ਇੰਟੈਂਸੀਫਿਕੇਸ਼ਨ (Rice-Fallow Intensification) ਨੂੰ ਵਿਆਪਕ ਤੌਰ 'ਤੇ ਅਪਣਾਉਣ, ਸਥਾਨਕ ਸਥਿਤੀਆਂ ਲਈ ਢੁਕਵੀਆਂ ਫਸਲਾਂ ਅਤੇ ਕਿਸਮਾਂ ਦੀ ਚੋਣ, ਪਸ਼ੂਧਨ ਉਤਪਾਦਕਤਾ ਵਧਾਉਣ ਅਤੇ ਤੇਜ਼ਾਬੀ ਮਿੱਟੀ ਅਤੇ ਫਾਸਫੋਰਸ ਦੀ ਘਾਟ ਵਰਗੀਆਂ ਖੇਤੀਬਾੜੀ ਚੁਣੌਤੀਆਂ ਨੂੰ ਹੱਲ ਕਰਨ ਲਈ ਖੋਜ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਆਉਣ ਵਾਲੇ ਹਾੜੀ ਸੀਜ਼ਨ ਲਈ ਢੁਕਵੀਆਂ ਖੇਤੀਬਾੜੀ ਯੋਜਨਾਵਾਂ ਵਿਕਸਿਤ ਕਰਨ ਅਤੇ ਕੁਦਰਤੀ ਅਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।
ICAR ਦੇ ਫ਼ਸਲ ਵਿਗਿਆਨ ਵਿਭਾਗ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਡੀ. ਕੇ. ਯਾਦਵ ਨੇ ਖੇਤੀਬਾੜੀ ਖੋਜ ਨੂੰ ਕਿਸਾਨਾਂ ਦੀਆਂ ਲੋੜਾਂ ਅਨੁਸਾਰ ਢਾਲਣ ਅਤੇ ਖੋਜ ਰਾਹੀਂ ਵਿਕਸਿਤ ਤਕਨੀਕਾਂ ਨੂੰ ਆਖ਼ਰੀ ਕਿਸਾਨ ਤੱਕ ਪਹੁੰਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਦੇ ਵਿਕਾਸ, ਉਚਿਤ ਮਾਰਗਦਰਸ਼ਨ ਅਤੇ ਖੇਤੀਬਾੜੀ ਖੋਜ ਦੇ ਖੇਤਰ ਵਿੱਚ ਉਨ੍ਹਾਂ ਲਈ ਬਿਹਤਰ ਮੌਕੇ ਉਪਲਬਧ ਕਰਾਉਣ ਦੀ ਮਹੱਤਤਾ ‘ਤੇ ਵੀ ਚਾਨਣਾ ਪਾਇਆ ।
ਪ੍ਰੋਗਰਾਮ ਤੋਂ ਪਹਿਲਾਂ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ, ਸ਼੍ਰੀ ਭਾਗੀਰਥ ਚੌਧਰੀ, ਡਾ. ਐੱਮ. ਐੱਲ. ਜਾਟ, ਸਕੱਤਰ, ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (DARE) ਅਤੇ ਡਾਇਰੈਕਟਰ ਜਨਰਲ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR); ਡਾ. ਡੀ. ਕੇ. ਯਾਦਵ, ਡਿਪਟੀ ਡਾਇਰੈਕਟਰ ਜਨਰਲ (ਫਸਲ ਵਿਗਿਆਨ), ICAR; ਡਾ. ਸੁਜੈ ਰਕਸ਼ਿਤ, ਡਾਇਰੈਕਟਰ, ICAR-IIAB ਅਤੇ ਡਾ. ਵਿਜੈ ਪਾਲ ਭਡਾਨਾ, ਸੰਯੁਕਤ ਨਿਦੇਸ਼ਕ (ਖੋਜ), ICAR-IIAB ਨੇ ਸੰਸਥਾ ਦੀਆਂ ਵੱਖ-ਵੱਖ ਸੁਵਿਧਾਵਾਂ ਦਾ ਅਵਲੋਕਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਡੇਅਰੀ ਫਾਰਮ, ਫ਼ਸਲ ਖੋਜ ਅਤੇ ਸਿਖਲਾਈ ਕੇਂਦਰ, NEXTGEN ਬ੍ਰੀਡਿੰਗ ਸਹੂਲਤ ਅਤੇ ਏਕੀਕ੍ਰਿਤ ਖੇਤੀ ਪ੍ਰਣਾਲੀ (IFS) ਇਕਾਈ ਦਾ ਨਿਰੀਖਣ ਕੀਤਾ। ਡੇਅਰੀ ਫਾਰਮ ਵਿੱਚ ਉਨ੍ਹਾਂ ਨੂੰ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਲਈ ਭਰੂਣ ਟ੍ਰਾਂਸਫਰ (Embryo Transfer) ਤਕਨੀਕ ਬਾਰੇ ਜਾਣਕਾਰੀ ਦਿੱਤੀ ਗਈ। IFS ਇਕਾਈ ਵਿੱਚ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਏਕੀਕ੍ਰਿਤ ਖੇਤੀ ਪ੍ਰਣਾਲੀ, ਖੇਤੀ ਰਹਿੰਦ-ਖੂੰਹਦ ਦੀ ਮੁੜ ਵਰਤੋਂ ਅਤੇ ਸਰੋਤਾਂ ਦੀ ਕੁਸ਼ਲ ਵਰਤੋਂ ਵਾਲੇ ਖੇਤੀ ਤਰੀਕਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਮੰਤਰੀ ਨੇ ਬੂਟੇ ਲਗਾਉਣ ਦੇ ਪ੍ਰੋਗਰਾਮ ਵਿੱਚ ਵੀ ਹਿੱਸਾ ਲਿਆ ਅਤੇ ਪ੍ਰਗਤੀਸ਼ੀਲ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ।
ਇਸ ਮੌਕੇ ICAR ਦੇ ਵੱਖ-ਵੱਖ ਸੰਸਥਾਨਾਂ ਅਤੇ ਝਾਰਖੰਡ ਸਰਕਾਰ ਦੇ ਵਿਭਾਗਾਂ ਵੱਲੋਂ ਖੇਤੀਬਾੜੀ ਫ਼ਸਲਾਂ, ਪਸ਼ੂ-ਪਾਲਣ ਅਤੇ ਡੇਅਰੀ ਤਕਨੀਕਾਂ, ਖੋਜ ਪ੍ਰਾਪਤੀਆਂ, ਖੇਤੀ ਯੋਜਨਾਵਾਂ ਅਤੇ ਕਿਸਾਨ-ਕੇਂਦ੍ਰਿਤ ਨਵੀਨਤਾਵਾਂ ਬਾਰੇ ਪ੍ਰਦਰਸ਼ਨੀ ਵੀ ਲਗਾਈ ਗਈ।
ਕਿਸਾਨ ਗੋਸ਼ਟੀ ਦੌਰਾਨ ਝਾਰਖੰਡ ਵਿੱਚ ਕਿਸਾਨ ਉਤਪਾਦਕ ਸੰਗਠਨਾਂ (FPOs) ਅਤੇ ਉਨ੍ਹਾਂ ਨਾਲ ਜੁੜੇ ਮੌਕਿਆਂ, ਪਸ਼ੂਆਂ ਦੇ ਇਲਾਜ ਵਿੱਚ ਰਵਾਇਤੀ ਔਸ਼ਧੀ ਤਰੀਕਿਆਂ, ਡੇਅਰੀ ਫਾਰਮਿੰਗ, ਫਲਾਂ ਦੀ ਕਾਸ਼ਤ ਤਕਨੀਕਾਂ, ਹਾੜ੍ਹੀ ਦੀਆਂ ਫ਼ਸਲਾਂ ਵਿੱਚ ਏਕੀਕ੍ਰਿਤ ਕੀਟ ਪ੍ਰਬੰਧਨ (IPM), ਫ਼ਸਲੀ ਵਿਭਿੰਨਤਾ, ਏਕੀਕ੍ਰਿਤ ਖੇਤੀ ਪ੍ਰਣਾਲੀ, ਜੈਵਿਕ ਅਤੇ ਕੁਦਰਤੀ ਖੇਤੀ, ਪਸ਼ੂਆਂ ਦੀ ਖੁਰਾਕ ਦੇ ਪ੍ਰਬੰਧਨ ਅਤੇ ਲਾਖ ਦੀ ਖੇਤੀ ਵਰਗੇ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ। ਕਿਸਾਨਾਂ ਨੇ ਵਿਗਿਆਨੀਆਂ ਅਤੇ ਤਕਨੀਕੀ ਮਾਹਿਰਾਂ ਨਾਲ ਸਿੱਧਾ ਸੰਵਾਦ ਕਰਕੇ ਉੱਨਤ ਖੇਤੀ ਅਤੇ ਪਸ਼ੂ-ਪਾਲਣ ਤਰੀਕਿਆਂ ਬਾਰੇ ਵਿਹਾਰਕ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਕਿਸਾਨਾਂ ਵਿੱਚ ਨੈਨੋ ਯੂਰੀਆ, ਨੈਨੋ ਡੀਏਪੀ, ਖਣਿਜ ਮਿਸ਼ਰਣ, ਉੱਨਤ ਬੀਜ, ਕਣਕ, ਮਟਰ, ਸਰ੍ਹੋਂ ਅਤੇ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ, ਮਿਲਕ ਕੈਨ ਕੂਲਰ ਅਤੇ ਵੱਧ ਝਾੜ ਦੇਣ ਵਾਲੀਆਂ ਟਮਾਟਰ ਤੇ ਬੈਂਗਣ ਦੀਆਂ ਕਿਸਮਾਂ ਸਮੇਤ ਵੱਖ-ਵੱਖ ਖੇਤੀਬਾੜੀ ਅਤੇ ਪਸ਼ੂ-ਪਾਲਣ ਨਾਲ ਸਬੰਧਿਤ ਸਮੱਗਰੀ ਵੰਡੀ ਗਈ। ਇਸ ਮੌਕੇ ICAR ਦੇ ਸੰਸਥਾਨਾਂ ਵੱਲੋਂ ਵਿਕਸਿਤ ਪ੍ਰਕਾਸ਼ਨਾਂ ਅਤੇ ਤਕਨੀਕਾਂ ਨੂੰ ਵੀ ਜਾਰੀ ਕੀਤਾ ਗਿਆ।
ਇਸ ਮੌਕੇ ਡਾ. ਆਰ. ਰਮਾਨੀ, ਸਾਬਕਾ ਵਿਸ਼ੇਸ਼ ਕਾਰਜ ਅਧਿਕਾਰੀ; ਡਾ. ਕੇ. ਕੇ. ਸ਼ਰਮਾ, ਸਾਬਕਾ ਕਾਰਜਕਾਰੀ ਡਾਇਰੈਕਟਰ; ਡਾ. ਤਿਲਕ ਰਾਜ ਸ਼ਰਮਾ, ਸਾਬਕਾ ਕਾਰਜਕਾਰੀ ਡਾਇਰੈਕਟਰ ਅਤੇ ਸੰਯੁਕਤ ਡਾਇਰੈਕਟਰ (ਖੋਜ); ਅਤੇ ICAR-IIAB ਦੇ ਪਹਿਲੇ ਨਿਯਮਤ ਡਾਇਰੈਕਟਰ ਡਾ. ਅਰੁਣਵ ਪਟਨਾਇਕ ਨੂੰ ਸੰਸਥਾਨ ਦੇ ਵਿਕਾਸ ਅਤੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦੇ ਅੰਤ ਵਿੱਚ ICAR-IIAB ਦੇ ਡਾਇਰੈਕਟਰ ਡਾ. ਸੁਜੈ ਰਕਸ਼ਿਤ ਨੇ ਝਾਰਖੰਡ ਦੇ ਕਿਸਾਨਾਂ ਦੇ ਹਿੱਤ ਵਿੱਚ ਕਿਸਾਨਾਂ, ਵਿਗਿਆਨਕ ਅਤੇ ਨੀਤੀ-ਨਿਰਮਾਤਾਵਾਂ ਵਿਚਕਾਰ ਸੰਵਾਦ ਨੂੰ ਮਜ਼ਬੂਤ ਕਰਨ ਅਤੇ ਖੇਤੀਬਾੜੀ ਖੋਜ ਤੇ ਨਵੀਨਤਾਵਾਂ ਨੂੰ ਖੇਤਾਂ ਤੱਕ ਪਹੁੰਚਾਉਣ ਲਈ ICAR-IIAB ਦੀ ਵਚਨਬੱਧਤਾ ਨੂੰ ਮੁੜ ਰੇਖਾਂਕਿਤ ਕੀਤਾ ।
****
ਐੱਸਐੱਸ/ਐੱਮਐੱਸ/ਏਕੇ
(Release ID: 2322350)
ਵਿਜ਼ੀਟਰ ਕਾਊਂਟਰ : 12