ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਜੋਯੋਤੀਰਾਦਿੱਤਿਆ ਐੱਮ. ਸਿੰਧੀਆ ਨੇ ਇੰਡੀਆ ਮੋਬਾਈਲ ਕਾਂਗਰਸ 2026 ਵਿੱਚ ‘ਏਆਈ ਫੌਰ ਗੁੱਡ ਲੈਬ’ ਵਰਕਸ਼ੌਪ ਦਾ ਉਦਘਾਟਨ ਕੀਤਾ


ਏਆਈ ਦੀ ਅਸਲੀ ਪਛਾਣ ਉਸ ਦੇ ਮਾਡਲ ਦੇ ਆਕਾਰ ਨਾਲ ਨਹੀਂ, ਸਗੋਂ ਉਹ ਕਿੰਨੇ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆਉਂਦੀ ਹੈ ਇਸ ਗੱਲ ਨਾਲ ਹੋਵੇਗੀ : ਕੇਂਦਰੀ ਮੰਤਰੀ ਸ਼੍ਰੀ ਸਿੰਧੀਆ

ਭਾਰਤ ਆਈਟੀਯੂ ਨਾਲ ਪਾਇਲਟ ਦੇਸ਼ ਵਜੋਂ ਭਾਈਵਾਲੀ ਕਰ ਰਿਹਾ ਹੈ ਤਾਂ ਜੋ ਗਲੋਬਲ ਸਾਊਥ ਵਿੱਚ ਏਆਈ ਰਣਨੀਤੀ ਅਤੇ ਪ੍ਰਭਾਵ ਦੇ ਦਰਮਿਆਨ ਪਾੜੇ ਨੂੰ ਘਟਾਇਆ ਜਾ ਸਕੇ

Posted On: 09 OCT 2026 6:17PM by PIB Chandigarh

ਕੇਂਦਰੀ ਸੰਚਾਰ ਅਤੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ ਨੇ ਨਵੀਂ ਦਿੱਲੀ ਵਿੱਚ ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ) 2026 ਦੌਰਾਨ “ਏਆਈ ਫੌਰ ਗੁੱਡ ਲੈਬ ਵਰਕਸ਼ੌਪ: ਫਰੌਮ ਸਟ੍ਰੈਟੇਜੀ ਟੂ ਇਮਪੈਕਟ” ਦਾ ਉਦਘਾਟਨ ਕੀਤਾ। ਇਸ ਵਰਕਸ਼ੌਪ ਦਾ ਆਯੋਜਨ ਦੂਰਸੰਚਾਰ ਵਿਭਾਗ (ਡੀਓਟੀ), ਸੰਚਾਰ ਮੰਤਰਾਲੇ ਅਤੇ ਅੰਤਰਰਾਸ਼ਟਰੀ ਦੂਰਸੰਚਾਰ ਸੰਘ (ਆਈਟੀਯੂ) ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਹ ਮਹੱਤਵਪੂਰਨ ਪ੍ਰੋਗਰਾਮ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਵਿਸ਼ਵ ਪੱਧਰੀ ਰਣਨੀਤਕ ਵਿਚਾਰ-ਵਟਾਂਦਰੇ ਤੋਂ ਵਿਵਹਾਰਕ ਤਾਇਨਾਤੀ, ਸਥਾਨਕ ਹੱਲ ਵਿਕਸਿਤ ਕਰਨ ਅਤੇ ਮਨੁੱਖ-ਕੇਂਦ੍ਰਿਤ ਪੱਧਰ ’ਤੇ ਇਸ ਦਾ ਵਿਸਥਾਰ ਕਰਨ ਵੱਲ ਇੱਕ ਵੱਡਾ ਮੀਲ ਪੱਥਰ ਸਾਬਤ ਹੋਇਆ। ਇਸ ਵਰਕਸ਼ੌਪ ਵਿੱਚ ਕਈ ਪ੍ਰਮੁੱਖ ਅੰਤਰਰਾਸ਼ਟਰੀ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਦੂਰਸੰਚਾਰ ਸੰਘ (ਆਈਟੀਯੂ) ਦੇ ਦੂਰਸੰਚਾਰ ਮਾਨਕੀਕਰਣ ਬਿਊਰੋ ਦੇ ਡਿਪਟੀ ਡਾਇਰੈਕਟਰ ਡਾ. ਬਿਲੇਲੇ ਜਮੌਸੀ ਅਤੇ ਦੂਰਸੰਚਾਰ ਵਿਭਾਗ ਦੇ ਸਕੱਤਰ ਸ਼੍ਰੀ ਅਮਿਤ ਅਗਰਵਾਲ ਸ਼ਾਮਲ ਸਨ। ਇਸ ਤੋਂ ਇਲਾਵਾ, ਉੱਘੇ ਖੋਜਕਰਤਾਵਾਂ, ਨਵੀਨਤਾਕਾਰਾਂ, ਉਦਯੋਗ ਜਗਤ ਦੇ ਆਗੂਆਂ ਅਤੇ ਨੀਤੀ ਮਾਹਿਰਾਂ ਨੇ ਵੀ ਇਸ ਵਿੱਚ ਹਿੱਸਾ ਲਿਆ।

 

ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਸ਼੍ਰੀ ਸਿੰਧੀਆ ਨੇ ਕਿਹਾ, “ਜੇਨੇਵਾ ਤੋਂ ਨਵੀਂ ਦਿੱਲੀ ਤੱਕ ‘ਏਆਈ ਫੌਰ ਗੁੱਡ ਲੈਬ’ ਦਾ ਸਫ਼ਰ ਉਸ ਯਾਤਰਾ ਨੂੰ ਦਰਸਾਉਂਦਾ ਹੈ, ਜਿਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਖੁਦ ਤੈਅ ਕਰਨੀ ਹੈ। ਇਸ ਵਿੱਚ ਵਿਸ਼ਵ ਪੱਧਰੀ ਵਿਚਾਰ-ਵਟਾਂਦਰੇ ਤੋਂ ਸਥਾਨਕ ਹੱਲਾਂ ਤੱਕ, ਤਕਨੀਕੀ ਸੰਭਾਵਨਾਵਾਂ ਤੋਂ ਮਨੁੱਖੀ ਜੀਵਨ ’ਤੇ ਪੈਣ ਵਾਲੇ ਪ੍ਰਭਾਵ ਤੱਕ ਅਤੇ ਰਣਨੀਤੀ ਤੋਂ ਵੱਡੇ ਪੱਧਰ ’ਤੇ ਵਿਸਥਾਰ ਤੱਕ ਦਾ ਸਫ਼ਰ ਸ਼ਾਮਲ ਹੈ। ਏਆਈ ਦੇ ਟੀਚਿਆਂ ਅਤੇ ਇਸ ਦੇ ਅਸਲ ਪ੍ਰਭਾਵ ਵਿਚਕਾਰਲੇ ਪਾੜੇ ਨੂੰ ਹੁਨਰ, ਕੰਪਿਊਟਿੰਗ ਸਮਰੱਥਾ, ਡਾਟਾ, ਸੰਸਥਾਵਾਂ ਅਤੇ ਸੰਪਰਕ ਸਹੂਲਤਾਂ ਰਾਹੀਂ ਹੀ ਪੂਰਾ ਕੀਤਾ ਜਾ ਸਕਦਾ ਹੈ। ਆਖ਼ਰਕਾਰ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਅਸਲ ਪਰਖ ਉਸ ਦੇ ਮਾਡਲ ਦੇ ਆਕਾਰ ਜਾਂ ਐਲਗੋਰਿਦਮ ਦੀ ਗੁੰਝਲਤਾ ਨਾਲ ਨਹੀਂ, ਸਗੋਂ ਇਸ ਗੱਲ ਨਾਲ ਹੋਵੇਗੀ ਕਿ ਉਸ ਨੇ ਕਿੰਨੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਈ ਹੈ।”

ਕੇਂਦਰੀ ਮੰਤਰੀ ਨੇ ਭਾਰਤ ਦੀ ਮਾਰਗਦਰਸ਼ਕ ਸੋਚ “ਸਰਵਜਨ ਹਿਤਾਯ, ਸਰਵਜਨ ਸੁਖਾਯ” ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਅਜੇ ਵੀ ਲਗਭਗ 2.2 ਅਰਬ ਲੋਕ ਔਫਲਾਈਨ ਹਨ। ਇਸ ਲਈ ਤਕਨਾਲੋਜੀ ਨੂੰ ਮਨੁੱਖੀ ਮੌਕਿਆਂ ਨੂੰ ਸੀਮਤ ਕਰਨ ਦੀ ਬਜਾਏ ਉਨ੍ਹਾਂ ਦਾ ਵਿਸਥਾਰ ਕਰਨਾ ਚਾਹੀਦਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਡਿਜੀਟਲ ਪਾੜਾ ਏਆਈ ਪਾੜੇ ਵਿੱਚ ਨਾ ਬਦਲ ਜਾਵੇ।

 

ਆਪਣੇ ਸੰਬੋਧਨ ਦੌਰਾਨ ਮੰਤਰੀ ਨੇ 10,000 ਕਰੋੜ ਰੁਪਏ ਤੋਂ ਵੱਧ ਦੇ ਇੰਡੀਆਏਆਈ ਮਿਸ਼ਨ ਤਹਿਤ ਭਾਰਤ ਦੀਆਂ ਘਰੇਲੂ ਏਆਈ ਸਮਰੱਥਾਵਾਂ ਅਤੇ ਡਿਜੀਟਲ ਬੁਨਿਆਦੀ ਢਾਂਚੇ ਨੂੰ ਅੱਗੇ ਵਧਾਉਣ ਵਾਲੀਆਂ ਪ੍ਰਮੁੱਖ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਕੰਪਿਊਟ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ, ਵਿਸ਼ਵ ਪੱਧਰੀ ਔਸਤ ਲਾਗਤ ਦੇ ਲਗਭਗ ਇੱਕ-ਤਿਹਾਈ ਖ਼ਰਚ ’ਤੇ 38,000 ਤੋਂ ਵੱਧ ਉੱਚ-ਸਮਰੱਥਾ ਵਾਲੇ ਜੀਪੀਯੂ (GPU) ਸ਼ਾਮਲ ਕੀਤੇ ਗਏ ਹਨ ਅਤੇ 20,000 ਹੋਰ ਜੀਪੀਯੂ ਜੋੜੇ ਜਾ ਰਹੇ ਹਨ। ਓਪਨ ਡਾਟਾ ਅਤੇ ਹੁਨਰ ਦੇ ਖੇਤਰ ਵਿੱਚ, ਏਆਈ ਕੋਸ਼ ਪਲੈਟਫਾਰਮ ਖੇਤੀਬਾੜੀ, ਸਿਹਤ ਸੰਭਾਲ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਡੇਟਾਸੈੱਟ ਅਤੇ ਓਪਨ ਮਾਡਲ ਉਪਲਬਧ ਕਰਵਾ ਰਿਹਾ ਹੈ। ਇਸ ਸਮੇਂ ਏਆਈ ਹੁਨਰਾਂ ਦੀ ਉਪਲਬਧਤਾ ਦੇ ਮਾਮਲੇ ਵਿੱਚ ਭਾਰਤ ਵਿਸ਼ਵ ਪੱਧਰ ’ਤੇ ਪਹਿਲੇ ਸਥਾਨ ’ਤੇ ਹੈ। ਗਿੱਟਹੱਬ (GitHub) ’ਤੇ 10 ਜਾਂ ਇਸ ਤੋਂ ਵੱਧ ਸਟਾਰਾਂ ਵਾਲੇ ਓਪਨ-ਸੋਰਸ ਏਆਈ ਪ੍ਰੋਜੈਕਟਾਂ ਵਿੱਚ ਭਾਰਤੀ ਡਿਵੈਲਪਰਾਂ ਦਾ ਯੋਗਦਾਨ ਲਗਭਗ 5.2 ਫ਼ੀਸਦੀ ਹੈ। ਇਸ ਤੋਂ ਇਲਾਵਾ, ‘ਸੰਚਾਰ ਸਾਥੀ’ ਵਰਗੇ ਏਆਈ ਅਤੇ ਡਾਟਾ ਵਿਸ਼ਲੇਸ਼ਣ ਦੇ ਸਾਧਨਾਂ ਰਾਹੀਂ ਦੂਰਸੰਚਾਰ ਖੇਤਰ ਵਿੱਚ ਨਵੀਨਤਾ ਨੂੰ ਲੋਕਾਂ ਦੇ ਭਰੋਸੇ ਨਾਲ ਜੋੜਿਆ ਜਾ ਰਿਹਾ ਹੈ। ਇਸ ਨਾਲ 7.14 ਕਰੋੜ ਤੋਂ ਵੱਧ ਜਾਅਲੀ ਮੋਬਾਈਲ ਕਨੈਕਸ਼ਨ ਬੰਦ ਕਰਨ, 35 ਲੱਖ ਤੋਂ ਵੱਧ ਗੁੰਮ ਹੋਏ ਹੈਂਡਸੈੱਟਾਂ ਦਾ ਪਤਾ ਲਗਾਉਣ ਅਤੇ 5,000 ਕਰੋੜ ਰੁਪਏ ਤੋਂ ਵੱਧ ਦੀ ਸੰਭਾਵੀ ਵਿੱਤੀ ਧੋਖਾਧੜੀ ਨੂੰ ਰੋਕਣ ਵਿੱਚ ਮਦਦ ਮਿਲੀ ਹੈ। ਮਾਨਕੀਕਰਣ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੇ ਟੈਲੀਕਾਮ ਇੰਜੀਨੀਅਰਿੰਗ ਸੈਂਟਰ (ਟੀਈਸੀ) ਨੇ ਏਆਈ ਦੀ ਨਿਰਪੱਖਤਾ, ਮਜ਼ਬੂਤੀ ਅਤੇ ਘਟਨਾਵਾਂ ਦੀ ਰਿਪੋਰਟਿੰਗ ਨਾਲ ਸਬੰਧਿਤ ਰਾਸ਼ਟਰੀ ਮਾਪਦੰਡ ਵਿਕਸਿਤ ਕੀਤੇ ਹਨ। ਇਸ ਦੇ ਨਾਲ ਹੀ, ਆਈਟੀਯੂ-ਟੀ ਦੇ ਵਿਸ਼ਵ ਪੱਧਰੀ ਮਾਪਦੰਡਾਂ ਨਾਲ ਤਾਲਮੇਲ ਸਥਾਪਿਤ ਕਰਨ ਲਈ ਏਆਈ ਮਾਨਕੀਕਰਣ ਬਾਰੇ ਇੱਕ ਰਾਸ਼ਟਰੀ ਕਾਰਜ ਸਮੂਹ ਵੀ ਸਥਾਪਿਤ ਕੀਤਾ ਗਿਆ ਹੈ।

ਇਸ ਵਰਕਸ਼ੌਪ ਵਿੱਚ ‘ਏਆਈ ਫੌਰ ਗੁੱਡ ਲੈਬ’ ਦੇ ਢਾਂਚੇ ਬਾਰੇ ਜਾਣਕਾਰੀ ਦਿੱਤੀ ਗਈ। ਇਸ ਨੂੰ ਤਿੰਨ ਆਪਸ ਵਿੱਚ ਜੁੜੇ ਥੰਮ੍ਹਾਂ ਰਾਹੀਂ ਦੇਸ਼ਾਂ ਨੂੰ ਸੀਮਤ ਹੁਨਰਾਂ, ਖਿੰਡੀਆਂ ਹੋਈਆਂ ਨਵੀਨਤਾਕਾਰੀ ਪਹਿਲਕਦਮੀਆਂ ਅਤੇ ਬੁਨਿਆਦੀ ਢਾਂਚੇ ਦੀ ਘਾਟ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ। ਪਹਿਲਾ ਥੰਮ੍ਹ ‘ਏਆਈ ਤਿਆਰੀ ਅਤੇ ਨੀਤੀ’ ਹੈ, ਜੋ ਨੀਤੀਗਤ ਕਮੀਆਂ ਦਾ ਮੁਲਾਂਕਣ ਕਰਦਾ ਹੈ ਅਤੇ ਵਿਹਾਰਕ ਸ਼ਾਸਨ ਢਾਂਚਾ ਤਿਆਰ ਕਰਦਾ ਹੈ। ਦੂਜਾ ਥੰਮ੍ਹ ਏਆਈ ਹੁਨਰ ਵਿਕਾਸ ਹੈ, ਜਿਸ ਦਾ ਧਿਆਨ ਰਾਸ਼ਟਰੀ ਏਆਈ ਹੁਨਰਾਂ, ਸਮਰੱਥਾ ਨਿਰਮਾਣ ਅਤੇ ਸਿਖਲਾਈ ਪਹਿਲਕਦਮੀਆਂ ਦਾ ਵਿਸਥਾਰ ਕਰਨ ’ਤੇ ਹੈ। ਤੀਜਾ ਥੰਮ੍ਹ ਜਨਤਕ ਏਆਈ ਬੁਨਿਆਦੀ ਢਾਂਚਾ ਹੈ, ਜੋ ਮਾਪਦੰਡਾਂ ’ਤੇ ਆਧਾਰਿਤ ਅਤੇ ਵੱਖ-ਵੱਖ ਪ੍ਰਣਾਲੀਆਂ ਵਿਚਕਾਰ ਆਪਸੀ ਤਾਲਮੇਲ ਯਕੀਨੀ ਬਣਾਉਣ ਵਾਲੇ ਏਆਈ ਸੈਂਡਬਾਕਸ ਵਾਤਾਵਰਣ ਸਥਾਪਿਤ ਕਰਦਾ ਹੈ। ਇਸ ਦਾ ਉਦੇਸ਼ ਸਥਾਨਕ ਲੋੜਾਂ ਮੁਤਾਬਕ ਏਆਈ ਹੱਲਾਂ ਦੀ ਜਾਂਚ, ਪ੍ਰਮਾਣਿਕਤਾ, ਵਿਸਥਾਰ ਅਤੇ ਮੁੜ ਵਰਤੋਂ ਨੂੰ ਸੰਭਵ ਬਣਾਉਣਾ ਹੈ। ਅਫ਼ਰੀਕਾ, ਏਸ਼ੀਆ, ਲਾਤੀਨੀ ਅਮਰੀਕਾ ਅਤੇ ਖਾੜੀ ਦੇਸ਼ਾਂ ਦੇ ਭਾਈਵਾਲਾਂ ਨਾਲ 10 ਪਾਇਲਟ ਦੇਸ਼ਾਂ ਵਿੱਚੋਂ ਇੱਕ ਵਜੋਂ ਭਾਰਤ, ਗਲੋਬਲ ਸਾਊਥ ਵਿੱਚ ਵੱਖ-ਵੱਖ ਖੇਤਰਾਂ ਵਿਚਕਾਰ ਸਿੱਖਣ ਅਤੇ ਤਕਨੀਕੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਸਾਂਝੀ ਕੰਪਿਊਟਿੰਗ ਸਮਰੱਥਾ, ਓਪਨ ਡਾਟਾਸੈੱਟ ਅਤੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ) ਦਾ ਆਪਣਾ ਮਾਡਲ ਪੇਸ਼ ਕਰ ਰਿਹਾ ਹੈ।

ਇਨ੍ਹਾਂ ਸੈਸ਼ਨਾਂ ਦੌਰਾਨ ਸੰਸਥਾਗਤ ਭਾਈਵਾਲੀ, ਤਰਜੀਹੀ ਖੇਤਰਾਂ ਵਿੱਚ ਏਆਈ ਨੂੰ ਅਪਣਾਉਣ ਅਤੇ ਗਲੋਬਲ ਸਾਊਥ ਦੇ ਦੇਸ਼ਾਂ ਵਿਚਕਾਰ ਜਾਣਕਾਰੀ ਸਾਂਝੀ ਕਰਨ ਲਈ ਇੱਕ ਠੋਸ ਰੋਡਮੈਪ ਬਾਰੇ ਵਿਵਸਥਿਤ ਢੰਗ ਨਾਲ ਚਰਚਾ ਕੀਤੀ ਗਈ। ਸਾਰੀਆਂ ਸਬੰਧਿਤ ਧਿਰਾਂ ਵਿਚਕਾਰ ਏਆਈ ਸੈਂਡਬਾਕਸ ਦੀਆਂ ਲੋੜਾਂ ਬਾਰੇ ਇੱਕ ਸਾਂਝੀ ਸਮਝ ਵਿਕਸਿਤ ਹੋਈ, ਤਾਂ ਜੋ ਹੱਲਾਂ ਨੂੰ ਆਖ਼ਰੀ ਨਾਗਰਿਕ ਤੱਕ ਪਹੁੰਚਾਉਣ ਤੋਂ ਪਹਿਲਾਂ ਪ੍ਰਯੋਗਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਨਾਲ ਹੀ ਉਨ੍ਹਾਂ ਦੀ ਨਿਰਪੱਖਤਾ, ਮਜ਼ਬੂਤੀ ਅਤੇ ਸੁਰੱਖਿਆ ਦੀ ਜਾਂਚ ਵੀ ਕੀਤੀ ਜਾ ਸਕੇ।

ਵਰਕਸ਼ੌਪ ਦੀ ਸਮਾਪਤੀ ਡਾ. ਬਿਲੇਲੇ ਜਮੌਸੀ ਦੇ ਸਾਰਾਂਸ਼ ਦੇ ਨਾਲ ਹੋਈ। ਇਸ ਤੋਂ ਬਾਅਦ ਦੂਰਸੰਚਾਰ ਵਿਭਾਗ ਦੀ ਏਆਈ ਅਤੇ ਡਿਜੀਟਲ ਇੰਟੈਲੀਜੈਂਸ ਇਕਾਈ ਦੇ ਡਿਪਟੀ ਡਾਇਰੈਕਟਰ ਜਨਰਲ ਸ਼੍ਰੀ ਸੰਜੀਵ ਕੁਮਾਰ ਸ਼ਰਮਾ ਨੇ ਅਗਲੀ ਕਾਰਵਾਈ ਕਰਨ ਦਾ ਸੱਦਾ ਦਿੱਤਾ ਅਤੇ ਟੈਲੀਕਾਮ ਇੰਜੀਨੀਅਰਿੰਗ ਸੈਂਟਰ ਦੇ ਸੀਨੀਅਰ ਡਿਪਟੀ ਡਾਇਰੈਕਟਰ ਜਨਰਲ ਸ਼੍ਰੀ ਐੱਸ. ਟੀ. ਅੱਬਾਸ ਨੇ ਵਿਸ਼ੇਸ਼ ਸੰਬੋਧਨ ਕੀਤਾ।

ਇਸ ਵਰਕਸ਼ੌਪ ਨੇ ਸਰਕਾਰ, ਉਦਯੋਗ, ਅਕਾਦਮਿਕ ਜਗਤ, ਸਟਾਰਟਅੱਪਸ, ਸਿਵਲ ਸੁਸਾਇਟੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਵਿਚਕਾਰ ਨਿਰੰਤਰ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ, ਤਾਂ ਜੋ ਇੱਕ ਅਜਿਹਾ ਏਆਈ ਈਕੋਸਿਸਟਮ ਵਿਕਸਿਤ ਕੀਤਾ ਜਾ ਸਕੇ ਜੋ ਨਵੀਨਤਾਕਾਰੀ, ਸਮਾਵੇਸ਼ੀ, ਸੁਰੱਖਿਅਤ, ਭਰੋਸੇਯੋਗ ਅਤੇ ਸਾਰਿਆਂ ਲਈ ਲਾਭਦਾਇਕ ਹੋਵੇ। ਇਨ੍ਹਾਂ ਵਿਚਾਰ-ਵਟਾਂਦਰਿਆਂ ਨੇ ਗੱਲਬਾਤ ਤੋਂ ਅਮਲ ਵੱਲ, ਦ੍ਰਿਸ਼ਟੀਕੋਣ ਤੋਂ ਕਾਰਵਾਈ ਵੱਲ ਅਤੇ ਵੱਖ-ਵੱਖ ਪਹਿਲਕਦਮੀਆਂ ਤੋਂ ਅੱਗੇ ਵਧ ਕੇ ‘ਏਆਈ ਫੌਰ ਗੁੱਡ’ ਅਤੇ ‘ਏਆਈ ਫੌਰ ਆਲ’ ਲਈ ਇੱਕ ਸਮੂਹਿਕ ਮੁਹਿੰਮ ਵੱਲ ਵਧਣ ਲਈ ਮਜ਼ਬੂਤ ਅਧਾਰ ਤਿਆਰ ਕੀਤਾ।

 

ਹੋਰ ਜਾਣਕਾਰੀ ਲਈ ਡੀਓਟੀ ਦੇ ਸੋਸ਼ਲ ਮੀਡੀਆ ਹੈਂਡਲਜ਼ ਨੂੰ ਫਾਲੋ ਕਰੋ :

X - https://x.com/DoT_India

Insta-  https://www.instagram.com/department_of_telecom?igsh=MXUxbHFjd3llZTU0YQ==

Fb - https://www.facebook.com/DoTIndia

Youtube: https://youtube.com/@departmentoftelecom?si=DALnhYkt89U5jAaa

*****

ਐਨਜੇ/ਏਆਰ/ਏਕੇ


(Release ID: 2322357) ਵਿਜ਼ੀਟਰ ਕਾਊਂਟਰ : 4