ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਕੇਲੌਂਗ ਵਿੱਚ ਆਈਸੀਐੱਮਆਰ ਸੈਂਟਰ ਫਾਰ ਹਾਈ ਐਲਟੀਟਿਊਡ ਮੈਡੀਸਿਨ ਐਂਡ ਪਬਲਿਕ ਹੈਲਥ ਰਿਸਰਚ ਦਾ ਨੀਂਹ ਪੱਥਰ ਰੱਖਿਆ
ਹਿਮਾਲੀਅਨ ਭਾਈਚਾਰਿਆਂ ਦੀਆਂ ਸਿਹਤ ਚੁਣੌਤੀਆਂ ਦਾ ਸਮਾਧਾਨ ਕਰਨ ਅਤੇ ਨਿਵਾਰਕ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਲਈ ਸਮਰਪਿਤ ਖੋਜ ਕੇਂਦਰ: ਸ਼੍ਰੀ ਨੱਡਾ
“ਆਈਸੀਐੱਮਆਰ, ਆਰਮਡ ਫੋਰਸਿਸ ਮੈਡੀਕਲ ਸਰਵਿਸਿਸ ਅਤੇ ਏਮਸ ਬਿਲਾਸਪੁਰ ਹਾਈ ਐਲਟੀਟਿਊਡ ਹੈਲਥ ਰਿਸਰਚ ਲਈ ਸਹਿਯੋਗ ਕਰਨਗੇ”
ਆਈਸੀਐੱਮਆਰ ਹਥਿਆਰਬੰਦ ਬਲਾਂ ਦਾ ਸਹਿਯੋਗ ਬਹੁਤ ਵੱਧ ਉੱਚਾਈ ਵਾਲੀਆਂ ਸਥਿਤੀਆਂ ਲਈ ਪ੍ਰਭਾਵਸ਼ਾਲੀ ਚਿਕਿਤਸਾ ਸਮਾਧਾਨ ਵਿਕਸਿਤ ਕਰੇਗਾ: ਕੇਂਦਰੀ ਰਾਜ ਮੰਤਰੀ ਸ਼੍ਰੀ ਸੰਜੈ ਸੇਠ
ਕੇਲੌਂਗ ਵਿਖੇ ਨਵੀਂ ਖੋਜ ਸੁਵਿਧਾ ਨਾਲ ਭਾਰਤ ਅਤੇ ਉਸ ਤੋਂ ਬਾਹਰ ਦੇ ਹਿਮਾਲੀਅਨ ਭਾਈਚਾਰਿਆਂ ਨੂੰ ਲਾਭ ਹੋਵੇਗਾ: ਸ਼੍ਰੀ ਜੈ ਰਾਮ ਠਾਕੁਰ
ਦੂਰ-ਦੁਰਾਡੇ ਹਿਮਾਲੀਅਨ ਖੇਤਰਾਂ ਵਿੱਚ ਬਿਹਤਰ ਸਿਹਤ ਸੰਭਾਲ ਦੀ ਦਿਸ਼ਾ ਵਿੱਚ ਹਾਈ ਐਲਟੀਟਿਊਡ ਹੈਲਥ ਰਿਸਰਚ ਪਹਿਲਕਦਮੀ ਇੱਕ ਮਹੱਤਵਪੂਰਨ ਕਦਮ ਹੈ: ਸੁਸ਼੍ਰੀ ਕੰਗਨਾ ਰਣੌਤ
ਸੈਂਟਰ ਹਿਮਾਲੀਅਨ ਸਿਹਤ ‘ਤੇ ਦੇਸ਼ ਦੇ ਆਪਣੇ ਵਿਗਿਆਨਕ ਪ੍ਰਮਾਣ ਤਿਆਰ ਕਰੇਗਾ; ਸੰਯੁਕਤ ਖੋਜ ਸੈਨਿਕਾਂ ਅਤੇ ਸਰਹੱਦੀ ਭਾਈਚਾਰਿਆਂ ‘ਤੇ ਕੇਂਦ੍ਰਿਤ ਹੋਵੇਗਾ
ਖੋਜ ਦੂਰ-ਦੁਰਾਡੇ ਖੇਤਰਾਂ ਵਿੱਚ ਸਿਹਤ ਸੰਭਾਲ ਤੱਕ ਪਹੁੰਚ ਵਿੱਚ ਸੁਧਾਰ ਲਈ ਡ੍ਰੋਨ-ਸਮਰੱਥ ਦਵਾਈ ਵੰਡ, ਡਿਜੀਟਲ ਹੈਲਥ ਅਤੇ ਏਆਈ ਦਾ ਪਤਾ ਲਗਾਏਗੀ
Posted On:
12 OCT 2026 4:03PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਕੇਲੌਂਗ ਵਿੱਚ ਆਈਸੀਐੱਮਆਰ ਸੈਂਟਰ ਫੌਰ ਹਾਈ ਐਲਟੀਟਿਊਡ ਮੈਡੀਸਿਨ ਐਂਡ ਪਬਲਿਕ ਹੈਲਥ ਰਿਸਰਚ (ICMR Centre for High Altitude Medicine and Public Health Research) ਦਾ ਭੂਮੀ ਪੂਜਨ ਕਰਕੇ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਕੇਂਦਰ ਵਧੇਰੇ ਉੱਚਾਈ ਵਾਲੇ ਖੇਤਰਾਂ ਵਿੱਚ ਸਿਹਤ ਖੋਜ ਲਈ ਇੱਕ ਮਜ਼ਬੂਤ ਸੰਸਥਾਗਤ ਅਧਾਰ ਸਥਾਪਿਤ ਕਰੇਗਾ ਅਤੇ ਹਿਮਾਲੀਅਨ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਅਤੇ ਵਧੇਰੇ ਉੱਚਾਈ ਵਾਲੇ ਖੇਤਰਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੁਆਰਾ ਸਾਹਮਣਾ ਕੀਤੀਆਂ ਜਾਂਦੀਆਂ ਸਿਹਤ ਚੁਣੌਤੀਆਂ ਦੀ ਵਿਗਿਆਨਕ ਸਮਝ ਨੂੰ ਅੱਗੇ ਵਧਾਏਗਾ।
ਇਸ ਮੌਕੇ ‘ਤੇ ਕੇਂਦਰੀ ਮੰਤਰੀ ਸ਼੍ਰੀ ਨੱਡਾ ਨੇ ਘੱਟ ਆਕਸੀਜਨ ਪੱਧਰ, ਬਹੁਤ ਜ਼ਿਆਦਾ ਠੰਢ, ਬਦਲਦੇ ਜਲਵਾਯੂ ਹਾਲਾਤ ਅਤੇ ਆਦਿਵਾਸੀ ਭਾਈਚਾਰਿਆਂ ਦੀ ਵਿਸ਼ੇਸ਼ ਜੀਵਨ ਸ਼ੈਲੀ ਦੇ ਸਿਹਤ ਸਬੰਧੀ ਪ੍ਰਭਾਵਾਂ ਨੂੰ ਸਮਝਣ ਲਈ ਸਮਰਪਿਤ ਵਿਗਿਆਨਕ ਖੋਜ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਿਹਤ ਜੋਖਮਾਂ ਦੀ ਪਛਾਣ ਕਰਨ, ਉੱਚਿਤ ਉਪਾਅ ਵਿਕਸਿਤ ਕਰਨ ਅਤੇ ਨਿਵਾਰਕ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਲਈ ਇਨ੍ਹਾਂ ਖੇਤਰ-ਵਿਸ਼ੇਸ਼ ਚੁਣੌਤੀਆਂ ਦੇ ਯੋਜਨਾਬੱਧ ਅਧਿਐਨ ਦੀ ਜ਼ਰੂਰਤ ਨੂੰ ਉਜਾਗਰ ਕੀਤਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਿਹਤ ਸੇਵਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਗੁਣਵੱਤਾਪੂਰਨ ਸਿਹਤ ਸੇਵਾ ਤੱਕ ਪਹੁੰਚ ਯਕੀਨੀ ਬਣਾਉਣ ਦੇ ਵਿਜ਼ਨ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨੱਡਾ ਨੇ ਕਿਹਾ ਕਿ ਇਸ ਕੇਂਦਰ ਦੀ ਸਥਾਪਨਾ ਦੂਰ-ਦੁਰਾਡੇ ਦੇ ਹਿਮਾਲੀਅਨ ਅਤੇ ਸਰਹੱਦੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਸਿਹਤ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਮਹੱਤਵ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਖੋਜ-ਅਧਾਰਿਤ ਦਖਲਅੰਦਾਜ਼ੀ ਸਿਹਤ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਅਤੇ ਇਨ੍ਹਾਂ ਚੁਣੌਤੀਪੂਰਨ ਵਾਤਾਵਰਣਾਂ ਵਿੱਚ ਸਥਾਨਕ ਭਾਈਚਾਰਿਆਂ ਅਤੇ ਸੇਵਾ ਕਰ ਰਹੇ ਹਥਿਆਰਬੰਦ ਬਲਾਂ ਦੇ ਕਰਮਚਾਰੀਆਂ ਦੀ ਭਲਾਈ ਨੂੰ ਵਧਾਉਣ ਵਿੱਚ ਸਹਾਇਕ ਹੋਵੇਗੀ।
ਸ਼੍ਰੀ ਨੱਡਾ ਨੇ ਕੇਂਦਰ ਦੀ ਸਥਾਪਨਾ ਵਿੱਚ ਆਈਸੀਐੱਮਆਰ ਅਤੇ ਹਥਿਆਰਬੰਦ ਬਲਾਂ ਮੈਡੀਕਲ ਸੇਵਾਵਾਂ ਦਰਮਿਆਨ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਏਮਸ ਬਿਲਾਸਪੁਰ ਦੇ ਯੋਗਦਾਨ ਨੂੰ ਵੀ ਸਵੀਕਾਰ ਕੀਤਾ, ਜੋ ਇਸ ਖੇਤਰ ਵਿੱਚ ਆਉਣ ਵਾਲੇ ਮਰੀਜ਼ਾਂ 'ਤੇ ਵਧੇਰੇ ਉੱਚਾਈ ਦੀਆਂ ਸਥਿਤੀਆਂ ਦੇ ਸਿਹਤ ਪ੍ਰਭਾਵਾਂ ਦੇ ਅਧਿਐਨ ਵਿੱਚ ਹਿੱਸਾ ਲਵੇਗਾ। ਇਹ ਸਹਿਯੋਗ ਵਿਗਿਆਨਕ ਮੁਹਾਰਤ ਅਤੇ ਕਲੀਨਿਕਲ ਅਨੁਭਵ ਨੂੰ ਇਕੱਠਾ ਕਰੇਗਾ ਤਾਂ ਜੋ ਵਧੇਰੇ ਉੱਚਾਈ ਵਾਲੇ ਖੇਤਰਾਂ ਵਿੱਚ ਸਿਹਤ ਚੁਣੌਤੀਆਂ ਦੀ ਡੂੰਘੀ ਸਮਝ ਵਿਕਸਿਤ ਹੋ ਸਕੇ ਅਤੇ ਸਬੂਤ ਸਿਹਤ ਸੰਭਾਲ ਉਪਾਵਾਂ ਨੂੰ ਸਮਰਥਨ ਮਿਲ ਸਕੇ।
ਇਸ ਪਹਿਲਕਦਮੀ ਦੇ ਲੰਬੇ ਸਮੇਂ ਦੇ ਮਹੱਤਵ ‘ਤੇ ਸ਼੍ਰੀ ਨੱਡਾ ਨੇ ਕਿਹਾ ਕਿ ਇਹ ਕੇਂਦਰ ਵਧੇਰੇ ਉੱਚਾਈ ਵਾਲੇ ਖੇਤਰਾਂ ਵਿੱਚ ਆਦਿਵਾਸੀ ਭਾਈਚਾਰਿਆਂ ਅਤੇ ਤਾਇਨਾਤ ਹਥਿਆਰਬੰਦ ਬਲਾਂ ਦੇ ਜਵਾਨਾਂ ਲਈ ਸਿਹਤ ਸੇਵਾਵਾਂ ਵਿੱਚ ਸੁਧਾਰ ਲਿਆਉਣ ਵਿੱਚ ਯੋਗਦਾਨ ਪਾਵੇਗਾ। ਕੀਤੇ ਗਏ ਖੋਜ ਤੋਂ ਉੱਚਿਤ ਨਿਵਾਰਕ ਅਤੇ ਪ੍ਰਮੋਟਿਵ ਹੈਲਥਕੇਅਰ ਰਣਨੀਤੀਆਂ ਦੇ ਵਿਕਾਸ ਵਿੱਚ ਮਦਦ ਮਿਲੇਗੀ, ਜਿਸ ਨਾਲ ਗੰਭੀਰ ਵਾਤਾਵਰਣਕ ਸਥਿਤੀਆਂ ਨਾਲ ਜੁੜੀਆਂ ਵਿਸ਼ੇਸ਼ ਮੈਡੀਕਲ ਚੁਣੌਤੀਆਂ ਦਾ ਹੱਲ ਕਰਨ ਅਤੇ ਹਿਮਾਲੀਅਨ ਖੇਤਰ ਵਿੱਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ। ਸ਼੍ਰੀ ਨੱਡਾ ਨੇ ਕੋਵਿਡ-19 ਵੈਕਸੀਨ ਦੇ ਵਿਕਾਸ ਵਿੱਚ ਆਈਸੀਐੱਮਆਰ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ, ਜਿਸ ਨੇ ਨਾ ਸਿਰਫ਼ ਦੇਸ਼ ਵਿੱਚ ਸਗੋਂ ਦੁਨੀਆ ਭਰ ਦੇ ਹੋਰ ਦੇਸ਼ਾਂ ਵਿੱਚ ਵੀ ਮਹਾਮਾਰੀ ਨਾਲ ਲੜਨ ਵਿੱਚ ਮਦਦ ਕੀਤੀ।
ਰੱਖਿਆ ਰਾਜ ਮੰਤਰੀ ਸ਼੍ਰੀ ਸੰਜੈ ਸੇਠ, ਜੋ ਇਸ ਮੌਕੇ ‘ਤੇ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ, ਨੇ ਕੇਲੌਂਗ ਵਿੱਚ ਹਾਈ ਐਲਟੀਟਿਊਡ ਹੈਲਥ ਰਿਸਰਚ ਸੈਂਟਰ ਦੀ ਸਥਾਪਨਾ ਵਿੱਚ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐੱਮਆਰ) ਅਤੇ ਹਥਿਆਰਬੰਦ ਬਲ ਮੈਡੀਕਲ ਸੇਵਾਵਾਂ ਦਰਮਿਆਨ ਸਹਿਯੋਗ ਦੇ ਮਹੱਤਵ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਵਧੇਰੇ ਉੱਚਾਈ ਵਾਲੇ ਵਾਤਾਵਰਣ ਵਿੱਚ ਕੰਮ ਕਰਨ ਦੇ ਹਥਿਆਰਬੰਦ ਬਲਾਂ ਦੇ ਅਨੁਭਵ ਦਾ ਹਵਾਲਾ ਦਿੰਦੇ ਹੋਏ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਸਾਂਝੀ ਖੋਜ ਪਹਿਲਕਦਮੀ ਬਹੁਤ ਜ਼ਿਆਦਾ ਉੱਚਾਈ ਨਾਲ ਜੁੜੀਆਂ ਸਿਹਤ ਚੁਣੌਤੀਆਂ ਦੀ ਵਿਗਿਆਨਕ ਸਮਝ ਨੂੰ ਡੂੰਘਾ ਕਰਨ ਵਿੱਚ ਮਦਦ ਕਰੇਗੀ ਅਤੇ ਪ੍ਰਭਾਵਸ਼ਾਲੀ ਮੈਡੀਕਲ ਹੱਲਾਂ ਦੇ ਵਿਕਾਸ ਵਿੱਚ ਯੋਗਦਾਨ ਪਾਵੇਗੀ।
ਰਾਜ ਮੰਤਰੀ ਸ਼੍ਰੀ ਸੇਠ ਨੇ ਵਧੇਰੇ ਉੱਚਾਈ ਵਾਲੇ ਖੇਤਰਾਂ ਵਿੱਚ ਪੈਦਾ ਹੁੰਦੀਆਂ ਸਿਹਤ ਚੁਣੌਤੀਆਂ ਨਾਲ ਨਜਿੱਠਣ ਲਈ ਆਈਸੀਐੱਮਆਰ ਦੀ ਵਿਗਿਆਨਕ ਖੋਜ ਸਮਰੱਥਾਵਾਂ ਅਤੇ ਹਥਿਆਰਬੰਦ ਬਲ ਮੈਡੀਕਲ ਸੇਵਾਵਾਂ ਦੇ ਵਿਵਹਾਰਕ ਅਨੁਭਵ ਨੂੰ ਜੋੜਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਸੈਂਟਰ ਵਿੱਚ ਕੀਤੀ ਜਾ ਰਹੀ ਖੋਜ ਤੋਂ ਮਨੁੱਖੀ ਸਰੀਰ ‘ਤੇ ਉੱਚਾਈ ਵਾਲੇ ਖੇਤਰਾਂ ਦੇ ਪ੍ਰਭਾਵਾਂ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਮਿਲਣ ਦੀ ਉਮੀਦ ਹੈ, ਜਿਸ ਨਾਲ ਚੁਣੌਤੀਪੂਰਨ ਵਾਤਾਵਰਣ ਵਿੱਚ ਸੇਵਾ ਨਿਭਾ ਰਹੇ ਕਰਮਚਾਰੀਆਂ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਵਧੇਰੇ ਉੱਚਾਈ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਸਥਾਨਕ ਭਾਈਚਾਰਿਆਂ ਨੂੰ ਵੀ ਸੰਭਾਵਿਤ ਲਾਭ ਪ੍ਰਾਪਤ ਹੋਣਗੇ।
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਸ਼੍ਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਕੇਲੌਂਗ ਵਿੱਚ ਆਈਸੀਐੱਮਆਰ ਹਾਈ ਐਲਟੀਟਿਊਡ ਹੈਲਥ ਰਿਸਰਚ ਸੈਂਟਰ ਦੀ ਸਥਾਪਨਾ ਵਧੇਰੇ ਉੱਚਾਈ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਸਾਹਮਣੇ ਆਉਣ ਵਾਲੀਆਂ ਵਿਲੱਖਣ ਸਿਹਤ ਚੁਣੌਤੀਆਂ ਨੂੰ ਸਮਝਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਠੰਢ, ਘੱਟ ਆਕਸੀਜਨ ਪੱਧਰ ਅਤੇ ਔਖੀਆਂ ਭੂਗੋਲਿਕ ਸਥਿਤੀਆਂ ਦੇ ਪ੍ਰਭਾਵਾਂ ‘ਤੇ ਖੋਜ ਨਾਲ ਬਿਹਤਰ ਸਿਹਤ ਦੇਖਭਾਲ ਹੱਲ ਵਿਕਸਿਤ ਕਰਨ ਵਿੱਚ ਮਦਦ ਮਿਲੇਗੀ, ਜਿਸ ਨਾਲ ਨਾ ਸਿਰਫ਼ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਸਗੋਂ ਭਾਰਤ ਅਤੇ ਦੁਨੀਆ ਭਰ ਦੇ ਵਧੇਰੇ ਉੱਚਾਈ ਵਾਲੇ ਖੇਤਰਾਂ ਦੇ ਭਾਈਚਾਰਿਆਂ ਨੂੰ ਵੀ ਲਾਭ ਹੋਵੇਗਾ।
ਮੰਡੀ ਤੋਂ ਸਾਂਸਦ ਕੰਗਨਾ ਰਣੌਤ ਨੇ ਕਿਹਾ ਕਿ ਬਿਹਤਰ ਸੰਪਰਕ ਵਿਵਸਥਾ ਨੇ ਹਿਮਾਚਲ ਪ੍ਰਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਜੀਵਨ ਬਦਲ ਦਿੱਤਾ ਹੈ, ਜੋ ਕਦੇ ਔਖੀਆਂ ਭੂਗੋਲਿਕ ਸਥਿਤੀਆਂ ਕਾਰਨ ਕਈ ਮਹੀਨਿਆਂ ਤੱਕ ਵੱਖ-ਵੱਖ ਰਹਿੰਦੇ ਸਨ। ਉਨ੍ਹਾਂ ਨੇ ਕਿਹਾ ਕਿ ਕੇਲੌਂਗ ਦੀਆਂ ਪਹਾੜੀਆਂ ਵਿੱਚ ਆਈਸੀਐੱਮਆਰ ਹਾਈ ਐਲਟੀਟਿਊਡ ਹੈਲਥ ਰਿਸਰਚ ਸੈਂਟਰ ਦੀ ਸਥਾਪਨਾ ਇੱਕ ਇਤਿਹਾਸਕ ਕਦਮ ਹੈ, ਜੋ ਵਿਗਿਆਨਕ ਖੋਜ ਨੂੰ ਉਤਸ਼ਾਹਿਤ ਕਰੇਗੀ, ਵਧੇਰੇ ਉੱਚਾਈ ਵਾਲੇ ਖੇਤਰਾਂ ਵਿੱਚ ਸਿਹਤ ਸਬੰਧੀ ਚੁਣੌਤੀਆਂ ਦੀ ਬਿਹਤਰ ਸਮਝ ਵਿਕਸਿਤ ਕਰੇਗਾ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਅਤੇ ਸਮੁੱਚੇ ਤੌਰ ‘ਤੇ ਮਨੁੱਖਤਾ ਦੀ ਭਲਾਈ ਵਿੱਚ ਯੋਗਦਾਨ ਪਾਵੇਗਾ।
ਸਿਹਤ ਖੋਜ ਵਿਭਾਗ ਦੇ ਸਕੱਤਰ ਅਤੇ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਿਲ ਨੇ ਸੈਂਟਰ ਦੇ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਕੇਲੌਂਗ ਇੱਕ ਅਜਿਹਾ ਸਥਾਨ ਹੋਵੇਗਾ ਜਿੱਥੇ ਪ੍ਰਯੋਗਸ਼ਾਲਾ ਅਤੇ ਭਾਈਚਾਰੇ ਦਾ ਮਿਲਨ ਹੋਵੇਗਾ, ਜਿੱਥੇ ਸਥਾਨਕ ਲੋਕ ਖੋਜ ਵਿੱਚ ਭਾਗੀਦਾਰ ਹੋਣਗੇ ਅਤੇ ਜਿੱਥੇ ਉਦੇਸ਼ ਸਿਰਫ਼ ਖੋਜ ਪੱਤਰ ਤਿਆਰ ਕਰਨਾ ਨਹੀਂ ਸਗੋਂ ਬਿਹਤਰ ਸਿਹਤ ਹੋਵੇਗੀ। ਉਨ੍ਹਾਂ ਨੇ ਆਈਸੀਐੱਮਆਰ ਕੇਂਦਰ ਲਈ ਹਥਿਆਰਬੰਦ ਬਲ ਮੈਡੀਕਲ ਸੇਵਾਵਾਂ, ਹਿਮਾਚਲ ਪ੍ਰਦੇਸ਼ ਸਰਕਾਰ ਅਤੇ ਸਥਾਨਕ ਭਾਈਚਾਰੇ ਦੇ ਮਹੱਤਵਪੂਰਨ ਯੋਗਦਾਨ 'ਤੇ ਜ਼ੋਰ ਦਿੱਤਾ।
ਖੋਜ ਦੇ ਮਹੱਤਵ ‘ਤੇ ਏਅਰ ਮਾਰਸ਼ਲ ਸੰਦੀਪ ਥਰੇਜਾ, ਡੀਜੀਐੱਫਐੱਮਐੱਸ ਨੇ ਕਿਹਾ ਕਿ ਸੈਂਟਰ ਵਿੱਚ ਕੀਤੀ ਗਈ ਖੋਜ ਵਿਸ਼ਵ ਦੇ ਕੁਝ ਸਭ ਤੋਂ ਔਖੇ ਵਧੇਰੇ ਉੱਚਾਈ ਵਾਲੇ ਇਲਾਕਿਆਂ ਵਿੱਚ ਤਾਇਨਾਤ ਸੈਨਿਕਾਂ ਲਈ ਮੈਡੀਕਲ ਦੇਖਭਾਲ ਨੂੰ ਸਿੱਧੇ ਤੌਰ ‘ਤੇ ਮਜ਼ਬੂਤ ਕਰੇਗੀ। ਏਐੱਫਐੱਮਐੱਸ (AFMS) ਦੇ ਜ਼ਮੀਨੀ ਅਨੁਭਵ ਅਤੇ ਆਈਸੀਐੱਮਆਰ ਦੀ ਵਿਗਿਆਨਕ ਮੁਹਾਰਤ ਦੇ ਸੁਮੇਲ ਨਾਲ ਖੋਜ ਸਿੱਟਿਆਂ ਨੂੰ ਅਨੁਕੂਲਨ, ਜਲਦੀ ਨਿਦਾਨ ਅਤੇ ਇਲਾਜ ਲਈ ਵਿਵਹਾਰਕ ਪ੍ਰੋਟੋਕੋਲ ਵਿੱਚ ਬਦਲਣ ਵਿੱਚ ਮਦਦ ਮਿਲੇਗੀ। ਕੇਲੌਂਗ ਵਿੱਚ ਪ੍ਰਾਪਤ ਗਿਆਨ ਤੋਂ ਨਾ ਸਿਰਫ਼ ਹਥਿਆਰਬੰਦ ਬਲਾਂ ਦੇ ਜਵਾਨਾਂ ਨੂੰ ਸਗੋਂ ਇਨ੍ਹਾਂ ਚੁਣੌਤੀਪੂਰਨ ਵਾਤਾਵਰਣਾਂ ਵਿੱਚ ਰਹਿਣ ਵਾਲੇ ਸਥਾਨਕ ਭਾਈਚਾਰਿਆਂ ਨੂੰ ਵੀ ਲਾਭ ਹੋਵੇਗਾ।
ਲਾਹੌਲ ਅਤੇ ਸਪੀਤੀ ਦੇ ਸਾਬਕਾ ਵਿਧਾਇਕ ਸ਼੍ਰੀ ਰਵੀ ਠਾਕੁਰ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਕੇਲੌਂਗ ਵਿੱਚ ਕੀਤੀ ਗਈ ਖੋਜ ਨਾਲ ਇਨ੍ਹਾਂ ਗੁਆਂਢੀ ਹਿਮਾਲੀਅਨ ਖੇਤਰਾਂ ਵਿੱਚ ਭਾਈਚਾਰਿਆਂ ਲਈ ਬਿਹਤਰ ਸਿਹਤ ਸੰਭਾਲ ਅਤੇ ਨਿਵਾਰਕ ਉਪਾਵਾਂ ਦਾ ਰਾਹ ਪੱਧਰਾ ਹੋਵੇਗਾ।
ਇਸ ਮੌਕੇ 'ਤੇ ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਅਤੇ ਹੋਰ ਪਤਵੰਤਿਆਂ ਨੇ ਗ੍ਰੀਨ ਆਈਸੀਐੱਮਆਰ ਕੈਂਪਸ ਪਹਿਲਕਦਮੀ ਦੇ ਤਹਿਤ ਹਿਮਾਲੀਅਨ ਦੇਸੀ ਬੂਟੇ ਲਗਾਏ। ਸ਼੍ਰੀ ਨੱਡਾ ਨੇ ਸਕੂਲੀ ਵਿਦਿਆਰਥੀਆਂ ਲਈ ਇੱਕ ਵਿਗਿਆਨਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ, ਕੇਂਦਰ ਦੀ ਵੈੱਬਸਾਈਟ ਅਤੇ ਸੰਸਥਾਗਤ ਵੀਡੀਓ ਦੀ ਸ਼ੁਰੂਆਤ ਕੀਤੀ ਅਤੇ ਕੇਲੌਂਗ ਵਿੱਚ ਆਈਸੀਐੱਮਆਰ ਸੈਂਟਰ ਫੌਰ ਹਾਈ ਐਲਟੀਟਿਊਡ ਮੈਡੀਸਿਨ ਐਂਡ ਪਬਲਿਕ ਹੈਲਥ ਰਿਸਰਚ ਦੀ ਸਥਾਪਨਾ ਵਿੱਚ ਮਹੱਤਵਪੂਰਨ ਉਪਲਬਧੀਆਂ ਨੂੰ ਚਿੰਨ੍ਹਿਤ ਕਰਦੇ ਹੋਏ ਇੱਕ ਯਾਦਗਾਰੀ ਡਾਕ ਵਿਸ਼ੇਸ਼ ਕਵਰ ਜਾਰੀ ਕੀਤਾ।
ਇਸ ਸਮਾਰੋਹ ਵਿੱਚ ਹਥਿਆਰਬੰਦ ਬਲ ਮੈਡੀਕਲ ਸੇਵਾਵਾਂ ਅਤੇ ਭਾਰਤੀ ਹਵਾਈ ਸੈਨਾ ਦੇ ਸੀਨੀਅਰ ਅਧਿਕਾਰੀਆਂ, ਵਿਗਿਆਨੀਆਂ, ਪੰਚਾਇਤੀ ਰਾਜ ਪ੍ਰਤੀਨਿਧੀਆਂ ਅਤੇ ਸਥਾਨਕ ਨਿਵਾਸੀਆਂ ਨੇ ਹਿੱਸਾ ਲਿਆ।
ਲਗਭਗ ਇੱਕ ਦਹਾਕੇ ਪਹਿਲਾਂ ਕੇਲੌਂਗ ਵਿੱਚ ਆਈਸੀਐੱਮਆਰ ਦੁਆਰਾ ਸਥਾਪਿਤ ਫੀਲਡ ਸਟੇਸ਼ਨ ਦੀ ਨੀਂਹ ‘ਤੇ ਬਣਾਇਆ ਗਿਆ, ਇਹ ਕੇਂਦਰ ਅਤਿ-ਆਧੁਨਿਕ ਪ੍ਰਯੋਗਸ਼ਾਲਾਵਾਂ ਅਤੇ ਵਿਸ਼ੇਸ਼ ਮਨੁੱਖੀ ਸਰੋਤਾਂ ਨਾਲ ਲੈਸ ਇੱਕ ਸਥਾਈ, ਸਾਲ ਭਰ ਚੱਲਣ ਵਾਲਾ ਸੰਸਥਾਨ ਹੋਵੇਗਾ। ਇਸ ਦਾ ਮੁੱਖ ਉਦੇਸ਼ ਵਧੇਰੇ ਉੱਚਾਈ, ਘੱਟ ਆਕਸੀਜਨ ਪੱਧਰ, ਬਹੁਤ ਜ਼ਿਆਦਾ ਠੰਢ ਅਤੇ ਬਦਲਦੀਆਂ ਜਲਵਾਯੂ ਸਥਿਤੀਆਂ ਦੇ ਸਿਹਤ ਪ੍ਰਭਾਵਾਂ ‘ਤੇ ਸਬੂਤ ਇਕੱਠੇ ਕਰਨਾ ਹੋਵੇਗਾ। ਆਈਸੀਐੱਮਆਰ, ਹਥਿਆਰਬੰਦ ਬਲ ਮੈਡੀਕਲ ਸੇਵਾਵਾਂ ਅਤੇ ਹੋਰ ਖੋਜ ਸੰਸਥਾਵਾਂ ਦਰਮਿਆਨ ਸਹਿਯੋਗ ਇਸ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਹੋਵੇਗੀ, ਜੋ ਜੈਵ-ਮੈਡੀਕਲ ਖੋਜ, ਜਨਤਕ ਸਿਹਤ ਅਤੇ ਵਧੇਰੇ ਉੱਚਾਈ ਦੇ ਸਰੀਰਕ ਵਿਗਿਆਨ ਵਿੱਚ ਮੁਹਾਰਤ ਨੂੰ ਇੱਕਠੇ ਲਿਆਵੇਗੀ। ਇਸ ਪ੍ਰਕਾਰ, ਕੇਂਦਰ ਹਥਿਆਰਬੰਦ ਬਲਾਂ ਅਤੇ ਸਥਾਨਕ ਲੋਕਾਂ ਲਈ ਪ੍ਰਾਸੰਗਿਕ ਖੋਜ ਕਰੇਗਾ, ਜਿਸ ਵਿੱਚ ਉੱਚਾਈ ਨਾਲ ਜੁੜੇ ਸਿਹਤ ਜੋਖਮਾਂ, ਅਨੁਕੂਲਨ, ਮਾਤ੍ਰਿ ਅਤੇ ਨਵਜੰਮੇ ਬੱਚੇ ਦੀ ਸਿਹਤ, ਬਾਲ ਵਿਕਾਸ ਅਤੇ ਪੋਸ਼ਣ ਅਤੇ ਹਿਮਾਲੀਅਨ ਭਾਈਚਾਰਿਆਂ ਵਿੱਚ ਬਿਮਾਰੀਆਂ ਦੇ ਪੈਟਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਇਹ ਇਸ ਗੱਲ ਦਾ ਵੀ ਅਧਿਐਨ ਕਰੇਗਾ ਕਿ ਡਰੋਨ-ਅਧਾਰਿਤ ਦਵਾਈ ਵੰਡ, ਡਿਜੀਟਲ ਹੈਲਥ ਅਤੇ ਏਆਈ) ਸਮੇਤ ਉਭਰਦੀਆਂ ਤਕਨਾਲੋਜੀਆਂ ਦੂਰ-ਦੁਰਾਡੇ ਅਤੇ ਔਖੇ ਖੇਤਰਾਂ ਵਿੱਚ ਸਿਹਤ ਸੰਭਾਲ ਤੱਕ ਪਹੁੰਚ ਨੂੰ ਕਿਵੇਂ ਬਿਹਤਰ ਬਣਾ ਸਕਦੀਆਂ ਹਨ। ਇਸ ਤੋਂ ਪ੍ਰਾਪਤ ਸਬੂਤਾਂ ਨਾਲ ਸਿਹਤ ਸੰਭਾਲ ਵਿਧੀਆਂ ਨੂੰ ਬਿਹਤਰ ਬਣਾਉਣ, ਵਧੇਰੇ ਉੱਚਾਈ ਵਾਲੇ ਖੇਤਰਾਂ ਵਿੱਚ ਤਾਇਨਾਤ ਜਵਾਨਾਂ ਲਈ ਨਿਵਾਰਕ ਅਤੇ ਕਲੀਨਿਕਲ ਦ੍ਰਿਸ਼ਟੀਕੋਣਾਂ ਨੂੰ ਮਜ਼ਬੂਤ ਕਰਨ ਅਤੇ ਹਿਮਾਚਲ ਪ੍ਰਦੇਸ਼, ਲੱਦਾਖ, ਜੰਮੂ-ਕਸ਼ਮੀਰ, ਉੱਤਰਾਖੰਡ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਸਮੇਤ ਭਾਰਤ ਦੇ ਹਿਮਾਲੀਅਨ ਅਤੇ ਸਰਹੱਦੀ ਖੇਤਰਾਂ ਵਿੱਚ ਰਹਿਣ ਵਾਲੇ ਭਾਈਚਾਰਿਆਂ ਲਈ ਬਿਹਤਰ ਸਿਹਤ ਸੇਵਾਵਾਂ ਦਾ ਸਮਰਥਨ ਕਰਨ ਦੀ ਉਮੀਦ ਹੈ।








************
ਐੱਸਆਰ/ਜੀਐੱਸ/ਏਕੇ
(Release ID: 2322651)
ਵਿਜ਼ੀਟਰ ਕਾਊਂਟਰ : 15