ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ 3,548 ਗ੍ਰੈਜੂਏਟ-ਪੱਧਰੀ ਐੱਨ.ਟੀ.ਪੀ.ਸੀ. ਅਸਾਮੀਆਂ ਦਾ ਐਲਾਨ ਕੀਤਾ, ਇਸ ਨਾਲ ਚਾਹਵਾਨ ਨੌਜਵਾਨਾਂ ਲਈ ਕਰੀਅਰ ਦੇ ਨਵੇਂ ਮੌਕੇ ਖੁੱਲ੍ਹਣਗੇ
ਮਾਲ-ਗੱਡੀ ਪ੍ਰਬੰਧਕ ਦੇ ਅਹੁਦੇ ਦੀਆਂ ਸਭ ਤੋਂ ਵੱਧ 2,750 ਅਸਾਮੀਆਂ
ਯੋਗ ਉਮੀਦਵਾਰਾਂ ਨੂੰ ਉਮਰ ਵਿੱਚ ਛੋਟ, ਰਾਖਵਾਂਕਰਨ ਲਾਭ ਅਤੇ ਪ੍ਰੀਖਿਆ ਫ਼ੀਸ ਵਾਪਸੀ ਦੇ ਪ੍ਰਬੰਧਾਂ ਸਮੇਤ ਯੋਗਤਾ-ਆਧਾਰਿਤ ਚੋਣ
ਆਨਲਾਈਨ ਅਰਜ਼ੀਆਂ 6 ਨਵੰਬਰ 2026 ਤੱਕ ਖੁੱਲ੍ਹੀਆਂ ਹਨ
Posted On:
11 OCT 2026 11:16AM by PIB Chandigarh
ਭਾਰਤੀ ਰੇਲਵੇ ਨੇ ਰੇਲਵੇ ਭਰਤੀ ਬੋਰਡ (ਆਰਆਰਬੀਐੱਸ) ਵੱਲੋਂ ਜਾਰੀ ਕੇਂਦਰੀਕ੍ਰਿਤ ਰੋਜ਼ਗਾਰ ਨੋਟੀਫ਼ਿਕੇਸ਼ਨ (ਸੀਈਐੱਨ) ਨੰਬਰ 06/2026 ਰਾਹੀਂ ਗੈਰ-ਤਕਨੀਕੀ ਪ੍ਰਸਿੱਧ ਸ਼੍ਰੇਣੀਆਂ (ਐੱਨ.ਟੀ.ਪੀ.ਸੀ.-ਗ੍ਰੈਜੂਏਟ) ਦੀ ਭਰਤੀ ਦੇ ਤਹਿਤ ਗ੍ਰੈਜੂਏਟ ਪੱਧਰ ਦੀਆਂ 3,548 ਅਸਾਮੀਆਂ ਦਾ ਐਲਾਨ ਕੀਤਾ ਹੈ। ਇਹ ਭਰਤੀ ਯੋਗ ਗ੍ਰੇਜੂਏਟਾਂ ਨੂੰ ਭਾਰਤੀ ਰੇਲਵੇ ਵਿੱਚ ਕਰੀਅਰ ਬਣਾਉਣ ਅਤੇ ਦੇਸ਼ ਦੇ ਸਭ ਤੋਂ ਵੱਡੇ ਜਨਤਕ ਸੇਵਾ ਸੰਗਠਨਾਂ ਵਿੱਚੋਂ ਇੱਕ ਦੇ ਕੰਮਕਾਜ ਵਿੱਚ ਯੋਗਦਾਨ ਪਾਉਣ ਦਾ ਮੌਕਾ ਪ੍ਰਦਾਨ ਕਰਦੀ ਹੈ।
ਇਸ ਭਰਤੀ ਵਿੱਚ ਚਾਰ ਸ਼੍ਰੇਣੀਆਂ ਦੇ ਅਹੁਦੇ ਸ਼ਾਮਲ ਹਨ, ਜਿਨ੍ਹਾਂ ਵਿੱਚ ਮੁੱਖ ਵਪਾਰਕ ਕਮ ਟਿਕਟ ਨਿਗਰਾਨ, ਮਾਲ-ਗੱਡੀ ਪ੍ਰਬੰਧਕ, ਜੂਨੀਅਰ ਅਕਾਊਂਟਸ ਅਸਿਸਟੈਂਟ ਕਮ ਟਾਈਪਿਸਟ ਅਤੇ ਸੀਨੀਅਰ ਕਲਰਕ ਕਮ ਟਾਈਪਿਸਟ ਸ਼ਾਮਲ ਹਨ। ਇਹ ਅਹੁਦੇ ਵਪਾਰਕ ਸੇਵਾਵਾਂ, ਟਰੇਨ ਸੰਚਾਲਨ, ਲੇਖਾ-ਜੋਖਾ (ਅਕਾਊਂਟਸ) ਅਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਕਰੀਅਰ ਦੇ ਮੌਕੇ ਪ੍ਰਦਾਨ ਕਰਦੇ ਹਨ, ਜੋ ਦੇਸ਼ ਭਰ ਵਿੱਚ ਰੇਲਵੇ ਸੇਵਾਵਾਂ ਦੇ ਸੁਚਾਰੂ ਸੰਚਾਲਨ ਵਿੱਚ ਸਹਿਯੋਗ ਕਰਦੇ ਹਨ।
ਕੁੱਲ 3,548 ਅਸਾਮੀਆਂ ਵਿੱਚੋਂ 2,750 ਅਹੁਦੇ ਮਾਲ-ਗੱਡੀ ਪ੍ਰਬੰਧਕ ਲਈ, 371 ਅਹੁਦੇ ਸੀਨੀਅਰ ਕਲਰਕ ਕਮ ਟਾਈਪਿਸਟ ਲਈ, 300 ਅਹੁਦੇ ਜੂਨੀਅਰ ਅਕਾਊਂਟਸ ਅਸਿਸਟੈਂਟ ਕਮ ਟਾਈਪਿਸਟ ਲਈ ਅਤੇ 127 ਅਹੁਦੇ ਮੁੱਖ ਵਪਾਰਕ ਕਮ ਟਿਕਟ ਨਿਗਰਾਨ ਲਈ ਹਨ। ਇਹ ਅਸਾਮੀਆਂ ਗ੍ਰੇਜੂਏਟਾਂ ਨੂੰ ਰੇਲਵੇ ਸੰਚਾਲਨ ਅਤੇ ਪ੍ਰਸ਼ਾਸਨ ਦੇ ਵੱਖ-ਵੱਖ ਕਾਰਜਸ਼ੀਲ ਖੇਤਰਾਂ ਵਿੱਚ ਕੰਮ ਕਰਨ ਦੇ ਮੌਕੇ ਦਿੰਦੀਆਂ ਹਨ।
ਇਨ੍ਹਾਂ ਅਹੁਦਿਆਂ 'ਤੇ ਸ਼ੁਰੂਆਤੀ ਮੂਲ ਤਨਖ਼ਾਹ ਸੱਤਵੇਂ ਕੇਂਦਰੀ ਤਨਖ਼ਾਹ ਕਮਿਸ਼ਨ ਦੇ ਤਹਿਤ ਦਿੱਤੀ ਜਾਵੇਗੀ। ਮੁੱਖ ਵਪਾਰਕ ਕਮ ਟਿਕਟ ਨਿਗਰਾਨ ਦੀ ਸ਼ੁਰੂਆਤੀ ਮੂਲ ਤਨਖ਼ਾਹ ਪੇਅ ਲੈਵਲ-6 ਅਨੁਸਾਰ ₹35,400 ਪ੍ਰਤੀ ਮਹੀਨਾ ਹੈ, ਜਦੋਂ ਕਿ ਬਾਕੀ ਤਿੰਨ ਸ਼੍ਰੇਣੀਆਂ ਦੀ ਸ਼ੁਰੂਆਤੀ ਮੂਲ ਤਨਖ਼ਾਹ ਪੇਅ ਲੈਵਲ-5 ਅਨੁਸਾਰ ₹29,200 ਪ੍ਰਤੀ ਮਹੀਨਾ ਹੈ। ਲਾਗੂ ਭੱਤੇ ਅਤੇ ਸੇਵਾ ਸ਼ਰਤਾਂ ਸੰਬੰਧਿਤ ਨਿਯਮਾਂ ਅਨੁਸਾਰ ਹੋਣਗੀਆਂ।
ਮਹੱਤਵਪੂਰਨ ਮਿਤੀਆਂ ਅਤੇ ਯੋਗਤਾ ਮਾਪਦੰਡ
ਆਨਲਾਈਨ ਅਰਜ਼ੀ ਪ੍ਰਕਿਰਿਆ 8 ਅਕਤੂਬਰ 2026 ਤੋਂ ਸ਼ੁਰੂ ਹੋ ਗਈ ਹੈ ਅਤੇ ਯੋਗ ਉਮੀਦਵਾਰ 6 ਨਵੰਬਰ 2026, ਰਾਤ 11:59 ਵਜੇ ਤੱਕ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ। ਪ੍ਰੀਖਿਆ ਫ਼ੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 8 ਨਵੰਬਰ 2026 ਹੈ, ਜਦੋਂ ਕਿ ਅਰਜ਼ੀ ਵਿੱਚ ਸੋਧ ਦੀ ਮਿਆਦ 9 ਨਵੰਬਰ ਤੋਂ 18 ਨਵੰਬਰ 2026 ਤੱਕ ਨਿਰਧਾਰਿਤ ਕੀਤੀ ਗਈ ਹੈ।
ਉਮੀਦਵਾਰਾਂ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡਿਗਰੀ ਜਾਂ ਉਸ ਦੇ ਬਰਾਬਰ ਦੀ ਯੋਗਤਾ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਅਹੁਦੇ-ਅਨੁਸਾਰ ਤੈਅ ਸ਼ੁਦਾ ਯੋਗਤਾ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ। ਨੋਟੀਫਾਈ ਕੀਤੀ ਗਈ ਉਮਰ ਸੀਮਾ 1 ਜਨਵਰੀ 2027 ਨੂੰ 18-33 ਸਾਲ ਹੈ, ਜਿਸ ਵਿੱਚ ਨਿਰਧਾਰਿਤ ਨਿਯਮਾਂ ਤਹਿਤ ਯੋਗ ਸ਼੍ਰੇਣੀਆਂ ਲਈ ਉਮਰ ਵਿੱਚ ਛੋਟ ਦਿੱਤੀ ਜਾਵੇਗੀ।
ਯੋਗ ਗ੍ਰੇਜੂਏਟਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵਿਸਤ੍ਰਿਤ ਨੋਟੀਫ਼ਿਕੇਸ਼ਨ ਦੀ ਸਮੀਖਿਆ ਕਰਨ, ਆਪਣੀ ਪਸੰਦ ਦੇ ਅਹੁਦਿਆਂ ਲਈ ਜ਼ਰੂਰੀ ਸ਼ਰਤਾਂ ਦੀ ਪੁਸ਼ਟੀ ਕਰਨ ਅਤੇ ਨਿਰਧਾਰਿਤ ਸਮੇਂ ਦੇ ਅੰਦਰ ਅਰਜ਼ੀ ਪ੍ਰਕਿਰਿਆ ਪੂਰੀ ਕਰਨ।
ਯੋਗਤਾ ਦੇ ਆਧਾਰ 'ਤੇ ਚੋਣ ਪ੍ਰਕਿਰਿਆ, ਜਿਸ ਵਿੱਚ ਯੋਗ ਉਮੀਦਵਾਰਾਂ ਲਈ ਪ੍ਰਬੰਧ ਸ਼ਾਮਲ ਹਨ
ਚੋਣ ਪ੍ਰਕਿਰਿਆ ਵਿੱਚ ਪਹਿਲੇ ਪੜਾਅ ਵਿੱਚ ਕੰਪਿਊਟਰ ਆਧਾਰਿਤ ਪ੍ਰੀਖਿਆ (ਸੀਬੀਟੀ), ਦੂਜੇ ਪੜਾਅ ਵਿੱਚ ਸੀਬੀਟੀ, ਅਤੇ ਲੋੜ ਅਨੁਸਾਰ ਦਸਤਾਵੇਜ਼ ਪੜਤਾਲ ਤੇ ਡਾਕਟਰੀ (ਮੈਡੀਕਲ) ਪ੍ਰੀਖਿਆ ਸ਼ਾਮਲ ਹੈ। ਚੋਣ ਯੋਗਤਾ ਅਤੇ ਨਿਰਧਾਰਿਤ ਯੋਗਤਾ ਸ਼ਰਤਾਂ ਦੇ ਪੂਰੇ ਹੋਣ ਦੇ ਆਧਾਰ 'ਤੇ ਹੋਵੇਗੀ। ਭਰਤੀ ਪ੍ਰਕਿਰਿਆ ਵਿੱਚ ਨਿਰਧਾਰਿਤ ਪ੍ਰਬੰਧਾਂ ਅਨੁਸਾਰ ਯੋਗ ਦਿਵਿਆਂਗ ਉਮੀਦਵਾਰਾਂ ਲਈ ਲਾਗੂ ਰਾਖਵੇਂਕਰਨ ਅਤੇ ਉਮਰ ਵਿੱਚ ਛੋਟ ਦੇ ਲਾਭਾਂ ਦੇ ਨਾਲ-ਨਾਲ ਲਿਖਾਰੀ ਸਹਾਇਤਾ ਅਤੇ ਹਰਜਾਨਾ ਸਮੇਂ ਦਾ ਪ੍ਰਬੰਧ ਵੀ ਹੈ।
ਸੀਈਐੱਨ ਨੰਬਰ 06/2026 ਦੇ ਤਹਿਤ ਇੱਕ ਹੋਰ ਪ੍ਰਬੰਧ ਜੂਨੀਅਰ ਅਕਾਊਂਟਸ ਅਸਿਸਟੈਂਟ ਕਮ ਟਾਈਪਿਸਟ ਅਤੇ ਸੀਨੀਅਰ ਕਲਰਕ ਕਮ ਟਾਈਪਿਸਟ ਦੇ ਅਹੁਦਿਆਂ ਲਈ ਕੰਪਿਊਟਰ ਆਧਾਰਿਤ ਟਾਈਪਿੰਗ ਹੁਨਰ ਪ੍ਰੀਖਿਆ (ਸੀਬੀਟੀਐੱਸਟੀ) ਤੋਂ ਛੋਟ ਪ੍ਰਦਾਨ ਕਰਨਾ ਹੈ। ਫਿਰ ਵੀ, ਉਮੀਦਵਾਰਾਂ ਤੋਂ ਬੁਨਿਆਦੀ ਕੰਪਿਊਟਰ ਅਤੇ ਟਾਈਪਿੰਗ ਸਮਰੱਥਾ ਦੀ ਉਮੀਦ ਕੀਤੀ ਜਾਂਦੀ ਹੈ, ਜਿਸ ਦਾ ਮੁਲਾਂਕਣ ਨੋਟੀਫ਼ਿਕੇਸ਼ਨ ਵਿੱਚ ਦਰਜ ਨਿਰਦੇਸ਼ਾਂ ਅਨੁਸਾਰ ਅਹੁਦਾ ਸੰਭਾਲਣ ਤੋਂ ਬਾਅਦ ਕੀਤਾ ਜਾਵੇਗਾ।
ਅਧਿਕਾਰਿਤ ਡਿਜੀਟਲ ਪਲੇਟਫ਼ਾਰਮ ਭਰਤੀ ਸੰਬੰਧੀ ਜਾਣਕਾਰੀ ਤੱਕ ਪਹੁੰਚ ਪ੍ਰਦਾਨ ਕਰਦੇ ਹਨ।
ਉਮੀਦਵਾਰ ਰੇਲਵੇ ਭਰਤੀ ਬੋਰਡ ਦੀ ਅਧਿਕਾਰਿਤ ਵੈੱਬਸਾਈਟ ਰਾਹੀਂ ਵਿਸਤ੍ਰਿਤ ਨੋਟੀਫ਼ਿਕੇਸ਼ਨ, ਅਸਾਮੀਆਂ ਦੀ ਵੰਡ, ਯੋਗਤਾ ਮਾਪਦੰਡ ਅਤੇ ਭਰਤੀ ਸੰਬੰਧੀ ਅੱਪਡੇਟ ਪ੍ਰਾਪਤ ਕਰ ਸਕਦੇ ਹਨ:
RRB ਦੀ ਅਧਿਕਾਰਿਤ ਵੈੱਬਸਾਈਟ: https://rrb.indianrailways.gov.in
ਆਨਲਾਈਨ ਅਰਜ਼ੀ ਪੋਰਟਲ: https://www.rrbapply.gov.in
ਉਮੀਦਵਾਰਾਂ ਨੂੰ ਭਰਤੀ ਸੰਬੰਧੀ ਪ੍ਰਮਾਣਿਕ (ਅਸਲ) ਜਾਣਕਾਰੀ ਅਤੇ ਅੱਪਡੇਟ ਲਈ ਇਨ੍ਹਾਂ ਅਧਿਕਾਰਿਤ ਪਲੇਟਫ਼ਾਰਮਾਂ 'ਤੇ ਹੀ ਭਰੋਸਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
****
ਧਰਮਿੰਦਰ ਤਿਵਾੜੀ/ਡਾ. ਨਯਨ ਸੋਲੰਕੀ/ਰਿਤੂ ਰਾਜ
(Release ID: 2322652)
ਵਿਜ਼ੀਟਰ ਕਾਊਂਟਰ : 11
Read this release in:
English
,
Urdu
,
हिन्दी
,
Marathi
,
Assamese
,
Gujarati
,
Odia
,
Tamil
,
Telugu
,
Kannada
,
Malayalam