ਪੰਚਾਇਤੀ ਰਾਜ ਮੰਤਰਾਲਾ
ਪੰਚਾਇਤੀ ਰਾਜ ਮੰਤਰਾਲਾ ਵਿਸ਼ੇਸ਼ ਮੁਹਿੰਮ 6.0 ਦੇ ਅਧੀਨ 14 ਅਕਤੂਬਰ 2026 ਨੂੰ ਸਵੱਛਤਾ ਮੁਹਿੰਮ ਚਲਾਏਗਾ ਅਤੇ ਲੰਬਿਤ ਮਾਮਲਿਆਂ ਦਾ ਨਿਪਟਾਰਾ ਕਰੇਗਾ
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਅਤੇ ਪੇਂਡੂ ਸਥਾਨਕ ਸੰਸਥਾਵਾਂ ਸਫ਼ਾਈ, ਜਨਤਕ ਥਾਵਾਂ ਵਿੱਚ ਸੁਧਾਰ ਅਤੇ ਪੈਂਡਿੰਗ ਮਾਮਲਿਆਂ ਦੇ ਜਲਦ ਨਿਪਟਾਰੇ ਲਈ ਇੱਕ ਰੋਜ਼ਾ ਸਵੱਛਤਾ ਮੁਹਿੰਮ ਵਿੱਚ ਹਿੱਸਾ ਲੈਣਗੀਆਂ
Posted On:
13 OCT 2026 6:16PM by PIB Chandigarh
ਪੰਚਾਇਤੀ ਰਾਜ ਮੰਤਰਾਲਾ ਸਵੱਛਤਾ ਨੂੰ ਸੰਸਥਾਗਤ ਰੂਪ ਦੇਣ ਅਤੇ ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨ ਲਈ ਚੱਲ ਰਹੀ ਵਿਸ਼ੇਸ਼ ਮੁਹਿੰਮ (ਐੱਸਸੀਡੀਪੀਐੱਮ 6.0) ਦੇ ਅਧੀਨ 14 ਅਕਤੂਬਰ 2026 ਨੂੰ ਇੱਕ ਰੋਜ਼ਾ ਸਫ਼ਾਈ ਅਤੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਦੀ ਵਿਸ਼ੇਸ਼ ਮੁਹਿੰਮ ਚਲਾਏਗਾ। ਇਹ ਮੁਹਿੰਮ 2 ਅਕਤੂਬਰ ਤੋਂ 31 ਅਕਤੂਬਰ 2026 ਤੱਕ ਚੱਲਣ ਵਾਲੀ ਮੁਹਿੰਮ ਦੇ ਲਾਗੂਕਰਨ ਪੜਾਅ ਦਾ ਹਿੱਸਾ ਹੈ। ਇਸ ਦਾ ਮਕਸਦ ਕੰਮ ਵਾਲੀਆਂ ਥਾਵਾਂ 'ਤੇ ਸਫ਼ਾਈ ਨੂੰ ਉਤਸ਼ਾਹਿਤ ਕਰਨਾ, ਦਫ਼ਤਰੀ ਥਾਂ ਦੀ ਬਿਹਤਰ ਵਰਤੋਂ ਕਰਨਾ ਅਤੇ ਬਕਾਇਆ ਮਾਮਲਿਆਂ, ਜਿਨ੍ਹਾਂ ਵਿੱਚ ਹਵਾਲੇ ਅਤੇ ਹੋਰ ਪਛਾਣੇ ਗਏ ਲੰਬਿਤ ਮਾਮਲੇ ਸ਼ਾਮਲ ਹਨ, ਦੇ ਨਿਪਟਾਰੇ ਵਿੱਚ ਤੇਜ਼ੀ ਲਿਆਉਣਾ ਹੈ। ਇਸ ਦਿਨ ਲਈ ਮਿਥੀਆਂ ਗਈਆਂ ਗਤੀਵਿਧੀਆਂ ਵਿੱਚ ਕੰਮ ਵਾਲੀਆਂ ਥਾਵਾਂ 'ਤੇ ਸਫ਼ਾਈ ਲਈ ਸਵੈ-ਇੱਛਤ ਯੋਗਦਾਨ ਸਫ਼ਾਈ ਮੁਹਿੰਮ, ਜ਼ਰੂਰੀ ਮੁਰੰਮਤ ਅਤੇ ਫਾਲਤੂ ਸਮਾਨ ਹਟਾਉਣਾ, ਜੈਵਿਕ-ਕੂੜਾ ਪ੍ਰਬੰਧਨ ਬਾਰੇ ਮੁਲਾਜ਼ਮਾਂ ਦਾ ਮਾਰਗਦਰਸ਼ਨ, ਈ-ਕੂੜੇ ਦੀ ਯੋਗ ਸੰਭਾਲ, ਵੱਖਰਾ ਕਰਨ ਅਤੇ ਨਿਪਟਾਰਾ, ਕਬਾੜ ਦਾ ਨਿਪਟਾਰਾ, ਜਨਤਕ ਸ਼ਿਕਾਇਤ ਨਿਵਾਰਨ, ਸਫ਼ਾਈ ਮਿੱਤਰਾਂ ਨਾਲ ਗੱਲਬਾਤ ਅਤੇ ਮੁਹਿੰਮ ਅਧੀਨ ਹੋਈ ਤਰੱਕੀ ਦੀ ਸਮੀਖਿਆ ਸ਼ਾਮਲ ਹੈ। ਮੰਤਰਾਲੇ ਦੇ ਸਾਰੇ ਵਿਭਾਗ ਅਤੇ ਸ਼ਾਖਾਵਾਂ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੀਆਂ ਹਨ ਅਤੇ ਮਿਥੀਆਂ ਗਤੀਵਿਧੀਆਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਯੋਗਦਾਨ ਪਾ ਰਹੀਆਂ ਹਨ।
ਜ਼ਮੀਨੀ ਪੱਧਰ 'ਤੇ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ 14 ਅਕਤੂਬਰ 2026 ਦੀ ਤਾਰੀਖ਼ ਦੇਸ਼ ਭਰ ਦੇ ਪੰਚਾਇਤੀ ਰਾਜ ਸੰਸਥਾਵਾਂ (ਪੀਆਰਆਈ)/ਪੇਂਡੂ ਸਥਾਨਕ ਸੰਸਥਾਵਾਂ (ਆਰਐੱਲਬੀ) ਲਈ ਸਮਰਪਿਤ ਮੁਹਿੰਮ ਗਤੀਵਿਧੀਆਂ ਚਲਾਉਣ ਵਾਸਤੇ ਮਿਥੀ ਗਈ ਹੈ। ਇਸ ਤੋਂ ਪਹਿਲਾਂ ਮੰਤਰਾਲੇ ਨੇ 12 ਅਕਤੂਬਰ 2026 ਨੂੰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੰਚਾਇਤੀ ਰਾਜ ਵਿਭਾਗਾਂ ਦੇ ਵਧੀਕ ਮੁੱਖ ਸਕੱਤਰਾਂ, ਪ੍ਰਧਾਨ ਸਕੱਤਰਾਂ ਅਤੇ ਸਕੱਤਰਾਂ ਨੂੰ ਸਲਾਹ-ਮਸ਼ਵਰਾ ਜਾਰੀ ਕਰਕੇ ਪੀਆਰਆਈ/ ਆਰਐੱਲਬੀ ਸਰਗਰਮ ਭਾਗੀਦਾਰੀ ਦਾ ਸੱਦਾ ਦਿੱਤਾ ਸੀ। ਇਨ੍ਹਾਂ ਗਤੀਵਿਧੀਆਂ ਵਿੱਚ ਪੰਚਾਇਤ ਦਫ਼ਤਰਾਂ ਅਤੇ ਆਲੇ-ਦੁਆਲੇ ਦੀਆਂ ਜਨਤਕ ਥਾਵਾਂ 'ਤੇ ਸਫ਼ਾਈ ਮੁਹਿੰਮ, ਅਣਵਰਤੋਂਯੋਗ ਸਮਾਨ ਨੂੰ ਹਟਾਉਣਾ, ਸਥਾਨਕ ਸਰੋਤਾਂ ਦੀ ਵਰਤੋਂ ਕਰਕੇ ਜਨਤਕ ਥਾਵਾਂ ਦਾ ਸੁੰਦਰੀਕਰਨ ਅਤੇ ਭਾਈਚਾਰਕ ਭਾਗੀਦਾਰੀ ਨਾਲ ਬੂਟੇ ਲਗਾਉਣਾ ਸ਼ਾਮਲ ਹੋਵੇਗਾ। ਪੀਆਰਆਈ ਲੰਬਿਤ ਸ਼ਿਕਾਇਤਾਂ, ਇਤਰਾਜ਼ਾਂ ਅਤੇ ਅਰਜ਼ੀਆਂ ਦੀ ਸਮੀਖਿਆ ਕਰਕੇ ਉਨ੍ਹਾਂ ਦਾ ਸਮੇਂ ਸਿਰ ਨਿਪਟਾਰਾ ਵੀ ਕਰਨਗੀਆਂ। ਇਸ ਦੇ ਨਾਲ ਹੀ ਸਵੱਛਤਾ ਅਤੇ ਸਫ਼ਾਈ ਗਤੀਵਿਧੀਆਂ ਵਿੱਚ ਲੱਗੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।


ਮੰਤਰਾਲੇ ਨੇ ਕੰਮ ਵਾਲੀ ਥਾਂ 'ਤੇ ਕਾਰਜਕੁਸ਼ਲਤਾ ਵਧਾਉਣ ਦੇ ਯਤਨਾਂ ਤਹਿਤ ਨਵੀਂ ਦਿੱਲੀ ਸਥਿਤ ਜੀਵਨ ਪ੍ਰਕਾਸ਼ ਬਿਲਡਿੰਗ ਵਿੱਚ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਈ-ਆਫ਼ਿਸ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ। ਇਸ ਸੈਸ਼ਨ ਵਿੱਚ ਈ-ਆਫ਼ਿਸ ਦੀਆਂ ਨਵੀਨਤਮ ਵਿਸ਼ੇਸ਼ਤਾਵਾਂ, ਫ਼ਾਈਲ ਕੰਮ-ਕਾਜ ਪ੍ਰਕਿਰਿਆਵਾਂ ਅਤੇ ਡਿਜੀਟਲ ਰਿਕਾਰਡ ਪ੍ਰਬੰਧਨ ਨੂੰ ਸ਼ਾਮਲ ਕੀਤਾ ਗਿਆ, ਜਿਸ ਵਿੱਚ ਫ਼ਾਈਲਾਂ ਨਾਲ ਜੁੜੇ ਸਰਕਾਰੀ ਕੰਮਾਂ ਦੇ ਸਮੇਂ ਸਿਰ ਨਿਪਟਾਰੇ 'ਤੇ ਖ਼ਾਸ ਧਿਆਨ ਦਿੱਤਾ ਗਿਆ। ਇਨ੍ਹਾਂ ਪਹਿਲਕਦਮੀਆਂ ਦਾ ਮਕਸਦ ਸਵੱਛਤਾ ਨੂੰ ਉਤਸ਼ਾਹਿਤ ਕਰਨਾ, ਲੰਬਿਤ ਮਾਮਲਿਆਂ ਨੂੰ ਘਟਾਉਣਾ ਅਤੇ ਵਿਸ਼ੇਸ਼ ਮੁਹਿੰਮ 6.0 ਦੇ ਉਦੇਸ਼ਾਂ ਅਨੁਸਾਰ ਕੁਸ਼ਲ, ਜਵਾਬਦੇਹ ਅਤੇ ਜ਼ਿੰਮੇਵਾਰ ਸ਼ਾਸਨ ਨੂੰ ਮਜ਼ਬੂਤ ਕਰਨਾ ਹੈ।
****
ਟੀਪੀਜੇ
(Release ID: 2323328)
ਵਿਜ਼ੀਟਰ ਕਾਊਂਟਰ : 4