ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਨਈ ਚੇਤਨਾ 5.0 ਦੀ 25 ਨਵੰਬਰ ਨੂੰ ਸ਼ੁਰੂਆਤ ਕੀਤੀ ਜਾਵੇਗੀ


15 ਮੰਤਰਾਲਿਆਂ/ਵਿਭਾਗਾਂ ਵੱਲੋਂ ਸਾਂਝੇ ਤੌਰ 'ਤੇ ਜਾਰੀ ਅੰਤਰ-ਮੰਤਰਾਲਾ ਸਲਾਹ-ਮਸ਼ਵਰਾ ਅਤੇ ਹਿੰਸਾ-ਮੁਕਤ ਪਿੰਡ ਪਹਿਲਕਦਮੀ ਦੇ ਸਬੰਧ ਵਿੱਚ ਦਸਤਖ਼ਤ ਕੀਤਾ ਗਿਆ ਚਾਰ-ਭਾਗੀ ਸਮਝੌਤਾ ਪੱਤਰ ਪੇਸ਼ ਕੀਤਾ ਜਾਵੇਗਾ

Posted On: 23 NOV 2026 10:28AM by PIB Chandigarh

ਪੇਂਡੂ ਵਿਕਾਸ ਮੰਤਰਾਲੇ ਵੱਲੋਂ ਆਪਣੀ ਰਾਸ਼ਟਰੀ ਲਿੰਗ ਸਮਾਨਤਾ ਮੁਹਿੰਮ ‘ਨਈ ਚੇਤਨਾ – ਪਹਿਲ ਬਦਲਾਅ ਦੀ’ ਦੇ ਪੰਜਵੇਂ ਐਡੀਸ਼ਨ ਦੀ ਸ਼ੁਰੂਆਤ 25 ਨਵੰਬਰ 2026 ਨੂੰ ਕੀਤੀ ਜਾਵੇਗੀ। ਇਹ ਦਿਨ ਮਹਿਲਾਵਾਂ ਵਿਰੁੱਧ ਹਿੰਸਾ ਦੇ ਖ਼ਾਤਮੇ ਲਈ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇੱਕ ਮਹੀਨਾ ਚੱਲਣ ਵਾਲੀ ਇਸ ਮੁਹਿੰਮ ਨੂੰ 25 ਨਵੰਬਰ ਤੋਂ 23 ਦਸੰਬਰ 2026 ਤੱਕ ਦੇਸ਼ ਭਰ ਵਿੱਚ ਦੀਨਦਿਆਲ ਅੰਤਯੋਦਿਆ ਯੋਜਨਾ–ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ ਦੇ ਤਹਿਤ ਚਲਾਇਆ ਜਾਵੇਗਾ।

ਇਸ ਰਾਸ਼ਟਰੀ ਮੁਹਿੰਮ ਦਾ ਉਦਘਾਟਨ ਕੇਂਦਰੀ ਪੇਂਡੂ ਵਿਕਾਸ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਕਰਨਗੇ। ਇਸ ਮੌਕੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅੰਨਪੂਰਨਾ ਦੇਵੀ, ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਸੁਪਰੀਮ ਕੋਰਟ ਦੇ ਜੱਜ ਤੇ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਮਾਣਯੋਗ ਜਸਟਿਸ ਵਿਕਰਮ ਨਾਥ ਮੌਜੂਦ ਰਹਿਣਗੇ।

ਪ੍ਰੋਗਰਾਮ ਵਿੱਚ ਪੇਂਡੂ ਵਿਕਾਸ ਰਾਜ ਮੰਤਰੀ ਸ਼੍ਰੀ ਕਮਲੇਸ਼ ਪਾਸਵਾਨ ਅਤੇ ਪੇਂਡੂ ਵਿਕਾਸ ਤੇ ਸੰਚਾਰ ਰਾਜ ਮੰਤਰੀ ਡਾ. ਚੰਦਰਸ਼ੇਖਰ ਪੇਮਾਸਾਨੀ ਦੇ ਨਾਲ-ਨਾਲ ਭਾਗ ਲੈਣ ਵਾਲੇ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ, ਰਾਜ ਸਰਕਾਰਾਂ ਦੇ ਨੁਮਾਇੰਦੇ, ਵਿਕਾਸ ਭਾਈਵਾਲ ਅਤੇ ਦੇਸ਼ ਭਰ ਦੀਆਂ ਭਾਈਚਾਰਕ ਸੰਸਥਾਵਾਂ ਨਾਲ ਜੁੜੀਆਂ ਮਹਿਲਾ ਪ੍ਰਤੀਨਿਧੀ ਵੀ ਸ਼ਾਮਲ ਹੋਣਗੀਆਂ।

ਇਸ ਪ੍ਰੋਗਰਾਮ ਦਾ ਆਯੋਜਨ ਸ਼ਾਮ 4:00 ਵਜੇ ਭਾਰਤ ਰਤਨ ਸੀ. ਸੁਬਰਾਮਨੀਅਮ ਆਡੀਟੋਰੀਅਮ, ਐੱਨ.ਏ.ਐੱਸ.ਸੀ. ਕੰਪਲੈਕਸ, ਦੇਵ ਪ੍ਰਕਾਸ਼ ਸ਼ਾਸਤਰੀ ਮਾਰਗ, ਪੂਸਾ, ਨਵੀਂ ਦਿੱਲੀ–110012 ਵਿਖੇ ਕੀਤਾ ਜਾਵੇਗਾ।

ਨਈ ਚੇਤਨਾ 5.0 ਦਾ ਵਿਸ਼ਾ “ਪਹੁੰਚ ਤੋਂ ਅਧਿਕਾਰਤਾ ਤੱਕ: ਵਿਕਸਿਤ ਭਾਰਤ ਲਈ ਆਜੀਵਿਕਾ ਅਤੇ ਬਰਾਬਰ ਮੌਕਿਆਂ ਰਾਹੀਂ ਮਹਿਲਾਵਾਂ ਦਾ ਸਸ਼ਕਤੀਕਰਨ” ਹੈ। ਇਹ ਵਿਸ਼ਾ ਮਹਿਲਾਵਾਂ ਦੀ ਪਹੁੰਚ ਅਤੇ ਆਵਾਜਾਈ ਦੀ ਆਜ਼ਾਦੀ ਨੂੰ ਆਰਥਿਕ ਸਸ਼ਕਤੀਕਰਨ, ਆਜੀਵਿਕਾ ਵਿੱਚ ਭਾਗੀਦਾਰੀ ਅਤੇ ਸੁਤੰਤਰ ਫ਼ੈਸਲੇ ਲੈਣ ਦੀ ਸਮਰੱਥਾ ਦੇ ਮਹੱਤਵਪੂਰਨ ਆਧਾਰ ਵਜੋਂ ਉਜਾਗਰ ਕਰਦਾ ਹੈ।

ਮੁਹਿੰਮ ਦੇ ਚਾਰ ਮੁੱਖ ਆਪਸ ਵਿੱਚ ਜੁੜੇ ਹੋਏ ਖੇਤਰ

ਨਈ ਚੇਤਨਾ 5.0 ਦੇ ਤਹਿਤ ਮਹਿਲਾ ਆਰਥਿਕ ਸਸ਼ਕਤੀਕਰਨ ਨੂੰ ਮੁਹਿੰਮ ਦੇ ਕੇਂਦਰ ਵਿੱਚ ਰੱਖਦੇ ਹੋਏ ਚਾਰ ਆਪਸ ਵਿੱਚ ਜੁੜੇ ਮੁੱਖ ਖੇਤਰਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਨ੍ਹਾਂ ਵਿੱਚ ਮਹਿਲਾਵਾਂ ਨੂੰ ਆਰਥਿਕ ਯੋਗਦਾਨ ਪਾਉਣ ਵਾਲਿਆਂ ਵਜੋਂ ਮਾਨਤਾ ਦੇਣਾ, ਜਾਇਦਾਦਾਂ ਤੱਕ ਉਨ੍ਹਾਂ ਦੀ ਪਹੁੰਚ ਅਤੇ ਉਨ੍ਹਾਂ 'ਤੇ ਕੰਟਰੋਲ ਨੂੰ ਮਜ਼ਬੂਤ ਕਰਨਾ, ਮਹਿਲਾਵਾਂ ਲਈ ਸੁਰੱਖਿਅਤ ਆਵਾਜਾਈ ਨੂੰ ਉਤਸ਼ਾਹਿਤ ਕਰਨਾ ਅਤੇ ਬਿਨਾਂ ਤਨਖ਼ਾਹ ਵਾਲੇ ਦੇਖਭਾਲ ਦੇ ਕੰਮਾਂ ਦੀਆਂ ਜ਼ਿੰਮੇਵਾਰੀਆਂ ਦੀ ਬਰਾਬਰ ਵੰਡ ਨੂੰ ਯਕੀਨੀ ਬਣਾਉਣਾ, ਮੁਹਿੰਮ ਦੇ ਤਹਿਤ ਉਨ੍ਹਾਂ ਰੁਕਾਵਟਾਂ ਨੂੰ ਦੂਰ ਕਰਨ 'ਤੇ ਵਿਸ਼ੇਸ਼ ਜ਼ੋਰ ਦੇਣਾ ਜੋ ਮਹਿਲਾਵਾਂ ਦੀ ਆਜੀਵਿਕਾ ਦੇ ਮੌਕਿਆਂ, ਬਾਜ਼ਾਰਾਂ, ਵਿੱਤੀ ਸੇਵਾਵਾਂ, ਜਨਤਕ ਥਾਵਾਂ ਅਤੇ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਨੂੰ ਸੀਮਤ ਕਰਦੀਆਂ ਹਨ, ਸ਼ਾਮਲ ਹਨ। ਇਸ ਮੁਹਿੰਮ ਦਾ ਉਦੇਸ਼ ਸਿਰਫ਼ ਜਾਗਰੂਕਤਾ ਫੈਲਾਉਣ ਤੱਕ ਸੀਮਤ ਨਾ ਰਹਿ ਕੇ ਤਾਲਮੇਲ ਵਾਲੀ ਕਾਰਵਾਈ ਨੂੰ ਉਤਸ਼ਾਹਿਤ ਕਰਨਾ ਅਤੇ ਔਰਤਾਂ ਦੀ ਆਰਥਿਕ ਭਾਗੀਦਾਰੀ, ਖ਼ੁਦਮੁਖ਼ਤਿਆਰੀ ਅਤੇ ਫ਼ੈਸਲੇ ਲੈਣ ਦੀ ਸਮਰੱਥਾ ਵਿੱਚ ਮਾਪਣਯੋਗ ਸੁਧਾਰ ਯਕੀਨੀ ਬਣਾਉਣਾ ਹੈ।

ਪ੍ਰੋਗਰਾਮ ਦੀਆਂ ਮੁੱਖ ਵਿਸ਼ੇਸ਼ਤਾਵਾਂ

15 ਮੰਤਰਾਲਿਆਂ/ਵਿਭਾਗਾਂ ਦੀ ਸਾਂਝੀ ਅੰਤਰ-ਮੰਤਰਾਲਾ ਸਲਾਹ-ਮਸ਼ਵਰਾ

ਰਾਸ਼ਟਰੀ ਸ਼ੁਰੂਆਤ ਪ੍ਰੋਗਰਾਮ ਦੀ ਇੱਕ ਮੁੱਖ ਖਿੱਚ 15 ਮੰਤਰਾਲਿਆਂ/ਵਿਭਾਗਾਂ ਨਾਲ ਸਬੰਧਤ ਸੰਯੁਕਤ ਅੰਤਰ-ਮੰਤਰਾਲਾ ਸਲਾਹ-ਮਸ਼ਵਰੇ ਨੂੰ ਜਾਰੀ ਕਰਨਾ ਹੋਵੇਗਾ। ਇਹ ਸਲਾਹ-ਮਸ਼ਵਰਾ ਨਈ ਚੇਤਨਾ 5.0 ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੀ ਸਾਂਝੀ ਵਚਨਬੱਧਤਾ ਅਤੇ ਤਾਲਮੇਲ ਵਾਲੇ ਯਤਨਾਂ ਨੂੰ ਦਰਸਾਏਗਾ। ਇਸ ਦੇ ਜ਼ਰੀਏ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਆਪਣੀਆਂ ਯੋਜਨਾਵਾਂ, ਪ੍ਰੋਗਰਾਮਾਂ, ਸੰਸਥਾਗਤ ਪ੍ਰਬੰਧਾਂ ਅਤੇ ਜ਼ਮੀਨੀ ਪੱਧਰ ਦੇ ਨੈੱਟਵਰਕ ਨੂੰ ਮੁਹਿੰਮ ਦੇ ਉਦੇਸ਼ਾਂ ਦੇ ਅਨੁਕੂਲ ਬਣਾਉਣ ਲਈ ਇੱਕ ਰੂਪ-ਰੇਖਾ ਉਪਲਬਧ ਕਰਵਾਈ ਜਾਵੇਗੀ। ਇਸ ਦਾ ਉਦੇਸ਼ ਰਾਸ਼ਟਰੀ, ਰਾਜ, ਜ਼ਿਲ੍ਹਾ ਅਤੇ ਭਾਈਚਾਰਕ ਪੱਧਰ 'ਤੇ ਤਾਲਮੇਲ ਵਾਲੇ ਦਖ਼ਲ ਨੂੰ ਮਜ਼ਬੂਤ ਕਰਨਾ ਹੈ, ਖ਼ਾਸ ਤੌਰ 'ਤੇ ਮਹਿਲਾਵਾਂ ਦੀ ਆਜੀਵਿਕਾ, ਜਾਇਦਾਦ, ਵਿੱਤੀ ਸੇਵਾਵਾਂ, ਸੁਰੱਖਿਅਤ ਆਵਾਜਾਈ, ਜ਼ਰੂਰੀ ਸੇਵਾਵਾਂ ਅਤੇ ਸੰਸਥਾਗਤ ਸਹਾਇਤਾ ਤੱਕ ਪਹੁੰਚ ਵਿੱਚ ਸੁਧਾਰ ਕਰਨਾ ਹੈ।

ਹਿੰਸਾ-ਮੁਕਤ ਪਿੰਡ ਪਹਿਲਕਦਮੀ 'ਤੇ ਦਸਤਖ਼ਤ ਕੀਤਾ ਗਿਆ ਚਾਰ-ਭਾਗੀ ਸਮਝੌਤਾ ਪੱਤਰ 

ਪ੍ਰੋਗਰਾਮ ਵਿੱਚ ਹਿੰਸਾ-ਮੁਕਤ ਪਿੰਡ ਪਹਿਲਕਦਮੀ ਨਾਲ ਸਬੰਧਤ ਦਸਤਖ਼ਤ ਕੀਤਾ ਗਿਆ ਚਾਰ-ਭਾਗੀ ਸਮਝੌਤਾ ਪੱਤਰ ਵੀ ਜਾਰੀ ਕੀਤਾ ਜਾਵੇਗਾ। ਇਸ ਸਮਝੌਤਾ ਪੱਤਰ 'ਤੇ ਪੇਂਡੂ ਵਿਕਾਸ ਮੰਤਰਾਲੇ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ, ਨਿਆਂ ਵਿਭਾਗ ਅਤੇ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਵਿਚਕਾਰ ਸਹਿਮਤੀ ਬਣੀ ਹੈ। ਇਸ ਸਮਝੌਤਾ ਪੱਤਰ ਦਾ ਉਦੇਸ਼ ਭਾਈਚਾਰਕ ਪੱਧਰ 'ਤੇ ਲਿੰਗ-ਆਧਾਰਿਤ ਹਿੰਸਾ ਦੀ ਰੋਕਥਾਮ ਅਤੇ ਇਸ ਤੋਂ ਪ੍ਰਭਾਵਿਤ ਮਹਿਲਾਵਾਂ ਨੂੰ ਸਹਾਇਤਾ ਅਤੇ ਨਿਆਂ ਉਪਲਬਧ ਕਰਵਾਉਣ ਲਈ ਸੰਸਥਾਗਤ ਤਾਲਮੇਲ ਦੀ ਰੂਪ-ਰੇਖਾ ਤਿਆਰ ਕਰਨਾ ਹੈ। ਇਸ ਰਾਹੀਂ ਭਾਈਚਾਰਕ ਸੰਸਥਾਵਾਂ, ਕਾਨੂੰਨੀ ਸੇਵਾਵਾਂ ਅਥਾਰਟੀਆਂ ਅਤੇ ਸਬੰਧਤ ਸਰਕਾਰੀ ਤੰਤਰ ਵਿਚਕਾਰ ਬਿਹਤਰ ਤਾਲਮੇਲ ਸਥਾਪਿਤ ਕੀਤਾ ਜਾਵੇਗਾ। ਇਸ ਵਿੱਚ ਕਾਨੂੰਨੀ ਅਧਿਕਾਰਾਂ ਪ੍ਰਤੀ ਜਾਗਰੂਕਤਾ, ਨਿਆਂ ਤੱਕ ਪਹੁੰਚ, ਸੰਸਥਾਗਤ ਸਹਾਇਤਾ ਅਤੇ ਸਾਂਝੇ ਯਤਨਾਂ ਰਾਹੀਂ ਹਿੰਸਾ-ਮੁਕਤ ਪਿੰਡਾਂ ਦਾ ਨਿਰਮਾਣ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।

ਭਾਈਚਾਰਕ ਸੰਸਥਾਵਾਂ ਅਤੇ ਮਹਿਲਾ ਲੀਡਰਸ਼ਿਪ ਨੂੰ ਮਜ਼ਬੂਤ ਕਰਨਾ

ਦੀਨਦਿਆਲ ਅੰਤਯੋਦਿਆ ਯੋਜਨਾ–ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ ਦੇ ਵਿਆਪਕ ਨੈੱਟਵਰਕ ਤਹਿਤ ਕੰਮ ਕਰ ਰਹੀਆਂ ਹੇਠ ਲਿਖੀਆਂ ਸੰਸਥਾਵਾਂ—ਸਵੈ-ਸਹਾਇਤਾ ਸਮੂਹ, ਪਿੰਡ ਸੰਗਠਨ, ਕਲੱਸਟਰ ਪੱਧਰੀ ਸੰਘ, ਜੈਂਡਰ ਰਿਸੋਰਸ ਸੈਂਟਰ ਅਤੇ ਹੋਰ ਭਾਈਚਾਰਕ ਸੰਸਥਾਵਾਂ—ਨਈ ਚੇਤਨਾ 5.0 ਨੂੰ ਲਾਗੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਪ੍ਰੋਗਰਾਮ ਦੌਰਾਨ ਨਵੇਂ ਜੈਂਡਰ ਰਿਸੋਰਸ ਸੈਂਟਰਾਂ ਦਾ ਉਦਘਾਟਨ ਕੀਤਾ ਜਾਵੇਗਾ। ਇਹ ਕੇਂਦਰ ਭਾਈਚਾਰਕ ਪੱਧਰ 'ਤੇ ਮਹਿਲਾਵਾਂ ਨੂੰ ਵੱਖ-ਵੱਖ ਸੇਵਾਵਾਂ, ਸਰਕਾਰੀ ਯੋਜਨਾਵਾਂ ਦੇ ਲਾਭ, ਸਹਾਇਤਾ ਪ੍ਰਣਾਲੀਆਂ ਅਤੇ ਸ਼ਿਕਾਇਤ ਨਿਵਾਰਣ ਤੰਤਰ ਤੱਕ ਪਹੁੰਚ ਉਪਲਬਧ ਕਰਵਾਉਣ ਲਈ ਮਹੱਤਵਪੂਰਨ ਮੰਚ ਵਜੋਂ ਕੰਮ ਕਰਨਗੇ। ਇਸ ਤੋਂ ਇਲਾਵਾ ਵੱਖ-ਵੱਖ ਰਾਜਾਂ ਤੋਂ ਆਈਆਂ ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾ ਪ੍ਰਤੀਨਿਧੀ ਆਪਣੇ ਤਜ਼ਰਬੇ, ਨਵਾਚਾਰ ਅਤੇ ਵਿਚਾਰ ਸਾਂਝੇ ਕਰਨਗੀਆਂ। ਉਹ ਮਹਿਲਾਵਾਂ ਦੀ ਸਮੂਹਿਕ ਭਾਗੀਦਾਰੀ ਅਤੇ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਦੇ ਉਪਾਵਾਂ 'ਤੇ ਵੀ ਚਰਚਾ ਕਰਨਗੀਆਂ।

ਪ੍ਰੋਗਰਾਮ ਦੌਰਾਨ ਦੋ ਪੈਨਲ ਚਰਚਾਵਾਂ ਆਯੋਜਿਤ ਕੀਤੀਆਂ ਜਾਣਗੀਆਂ। ਪਹਿਲੀ ਪੈਨਲ ਚਰਚਾ “ਜੈਂਡਰ ਰਿਸੋਰਸ ਸੈਂਟਰ, ਵਨ ਸਟਾਪ ਸੈਂਟਰ, ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਸਿਹਤ ਪ੍ਰਣਾਲੀ ਰਾਹੀਂ ਮੰਤਰਾਲਿਆਂ ਵਿਚਕਾਰ ਤਾਲਮੇਲ ਨੂੰ ਅੱਗੇ ਵਧਾਉਣ” 'ਤੇ ਕੀਤੀ ਜਾਵੇਗੀ। ਇਸ ਚਰਚਾ ਵਿੱਚ ਸਬੰਧਤ ਮੰਤਰਾਲਿਆਂ ਅਤੇ ਸੰਸਥਾਵਾਂ ਦੇ ਨੁਮਾਇੰਦੇ ਹਿੱਸਾ ਲੈਣਗੇ। ਇਸ ਵਿੱਚ ਮਹਿਲਾਵਾਂ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਵੱਖ-ਵੱਖ ਸੰਸਥਾਵਾਂ ਵਿਚਕਾਰ ਤਾਲਮੇਲ ਅਤੇ ਸਾਂਝੀ ਕਾਰਵਾਈ ਨੂੰ ਮਜ਼ਬੂਤ ਕਰਨ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਦੂਜੀ ਪੈਨਲ ਚਰਚਾ “ਮੈਦਾਨ ਤੋਂ ਮਹਿਲਾ ਲੀਡਰਸ਼ਿਪ: ਤਜ਼ਰਬੇ, ਨਵਾਚਾਰ ਅਤੇ ਭਵਿੱਖ ਦੀ ਦਿਸ਼ਾ” ਵਿਸ਼ੇ 'ਤੇ ਕੀਤੀ ਜਾਵੇਗੀ। ਇਸ ਚਰਚਾ ਵਿੱਚ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੀਆਂ ਮਹਿਲਾ ਆਗੂਆਂ ਨੂੰ ਆਪਣੇ ਤਜ਼ਰਬੇ, ਸਫਲ ਨਵੀਂਆਂ ਨਵੀਨਤਾਵਾਂ ਅਤੇ ਸੁਝਾਅ ਸਾਂਝੇ ਕਰਨ ਦਾ ਮੌਕਾ ਮਿਲੇਗਾ।

ਨਈ ਚੇਤਨਾ 4.0 ਮੁਲਾਂਕਣ ਰਿਪੋਰਟ

ਰਾਸ਼ਟਰੀ ਸ਼ੁਰੂਆਤ ਪ੍ਰੋਗਰਾਮ ਦੌਰਾਨ ਨਈ ਚੇਤਨਾ 4.0 ਦੀ ਮੁਲਾਂਕਣ ਰਿਪੋਰਟ ਵੀ ਜਾਰੀ ਕੀਤੀ ਜਾਵੇਗੀ। ਇਸ ਰਿਪੋਰਟ ਵਿੱਚ ਮੁਹਿੰਮ ਦੇ ਪਿਛਲੇ ਐਡੀਸ਼ਨ ਦਾ ਮੁਲਾਂਕਣ ਅਤੇ ਉਸ ਤੋਂ ਪ੍ਰਾਪਤ ਮੁੱਖ ਸਿੱਖਿਆਵਾਂ ਪੇਸ਼ ਕੀਤੀਆਂ ਜਾਣਗੀਆਂ, ਜਿਸ ਨਾਲ ਭਵਿੱਖ ਵਿੱਚ ਮੁਹਿੰਮ ਦੀਆਂ ਗਤੀਵਿਧੀਆਂ ਅਤੇ ਦਖ਼ਲਅੰਦਾਜ਼ੀਆਂ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।

ਪ੍ਰੋਗਰਾਮ ਵਿੱਚ ਵੱਖ-ਵੱਖ ਰਾਜਾਂ ਦੀਆਂ ਵੀਡੀਓਜ਼ ਅਤੇ ਵਧੀਆ ਕਾਰਜ-ਪ੍ਰਣਾਲੀਆਂ ਦੀਆਂ ਪੇਸ਼ਕਾਰੀਆਂ ਵੀ ਦਿਖਾਈਆਂ ਜਾਣਗੀਆਂ। ਇਨ੍ਹਾਂ ਵਿੱਚ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਭਾਈਚਾਰਾ-ਆਧਾਰਿਤ ਪਹਿਲਕਦਮੀਆਂ ਅਤੇ ਸਫਲ ਯਤਨਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੁਹਿੰਮ ਲਈ ਤਿਆਰ ਕੀਤੇ ਗਏ ਵੀਡੀਓ ਸਰੋਤਾਂ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ।

ਪੇਂਡੂ ਵਿਕਾਸ ਮੰਤਰਾਲੇ ਦੇ ਦੀਨਦਿਆਲ ਅੰਤਯੋਦਿਆ ਯੋਜਨਾ–ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਨਈ ਚੇਤਨਾ ਮੁਹਿੰਮ ਦੀ ਸ਼ੁਰੂਆਤ ਸਾਲ 2022 ਵਿੱਚ ਹੋਈ ਸੀ। ਉਦੋਂ ਤੋਂ ਇਹ ਮੁਹਿੰਮ ਲਿੰਗ-ਆਧਾਰਿਤ ਹਿੰਸਾ ਨੂੰ ਰੋਕਣ, ਵਿਤਕਰੇ ਵਾਲੀਆਂ ਸਮਾਜਿਕ ਮਾਨਤਾਵਾਂ ਨੂੰ ਚੁਣੌਤੀ ਦੇਣ ਅਤੇ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਦੇਸ਼-ਵਿਆਪੀ ਸਮੂਹਿਕ ਅੰਦੋਲਨ ਵਜੋਂ ਵਿਕਸਿਤ ਹੋਈ ਹੈ। ਨਈ ਚੇਤਨਾ 5.0 ਰਾਹੀਂ ਮੰਤਰਾਲੇ ਦਾ ਉਦੇਸ਼ ਵੱਖ-ਵੱਖ ਮੰਤਰਾਲਿਆਂ, ਰਾਜ ਸਰਕਾਰਾਂ, ਭਾਈਚਾਰਕ ਸੰਸਥਾਵਾਂ ਅਤੇ ਹੋਰ ਹਿੱਸੇਦਾਰਾਂ ਵਿਚਕਾਰ ਸਾਂਝੇ ਯਤਨਾਂ ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਮਹਿਲਾਵਾਂ ਦੀ ਆਰਥਿਕ ਭਾਗੀਦਾਰੀ, ਸੁਰੱਖਿਆ ਅਤੇ ਫ਼ੈਸਲੇ ਲੈਣ ਦੀ ਆਜ਼ਾਦੀ ਲਈ ਅਨੁਕੂਲ ਮਾਹੌਲ ਤਿਆਰ ਕੀਤਾ ਜਾ ਸਕੇ। ਇਸ ਮੁਹਿੰਮ ਵਿੱਚ ਪੁਰਸ਼ਾਂ, ਮੁੰਡਿਆਂ ਅਤੇ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ, ਤਾਂ ਜੋ ਵਿਤਕਰੇ ਵਾਲੀਆਂ ਸਮਾਜਿਕ ਮਾਨਤਾਵਾਂ ਨੂੰ ਚੁਣੌਤੀ ਦਿੱਤੀ ਜਾ ਸਕੇ ਅਤੇ ਲਿੰਗ ਸਮਾਨਤਾ ਤੇ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

***********

 

ਪੀਯੂ


(Release ID: 2341127) ਵਿਜ਼ੀਟਰ ਕਾਊਂਟਰ : 3