57th International Film Festival of India 2026
20 – 28 Nov 2026

IFFI 2026 : ਵਿਲੱਖਣ ਸਿਨੇਮਾਈ ਅੰਦਾਜ਼ ਰਾਹੀਂ ਇਨਸਾਨੀ ਜਜ਼ਬਾਤਾਂ ਦੀ ਪੜਚੋਲ ਕਰਦੀ ਹੈ ‘ਦ ਬਲੈਕ ਸੀ’


ਇਹ ਫ਼ਿਲਮ ਮਨੁੱਖੀ ਇੱਛਾਵਾਂ ਦੀ ਅਤਿ ਅਤੇ ਉਨ੍ਹਾਂ ਦੇ ਨਤੀਜਿਆਂ ਦੀ ਪੜਚੋਲ ਕਰਦੀ ਹੈ: ਡਾਇਰੈਕਟਰ ਅਲਾਦੀਨ ਮੁਸਤਫ਼ਾ

Posted On: 24 NOV 2026 1:12PMby PIB ChandigarhRelease ID: 2341142Views: 3

ਗੋਆ ਵਿੱਚ ਆਯੋਜਿਤ 57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (IFFI) ਦੌਰਾਨ, ਅਰਬੀ ਭਾਸ਼ਾ ਦੀ ਫੀਚਰ ਫ਼ਿਲਮ ‘ਦ ਬਲੈਕ ਸੀ’ (The Black Sea) ਦੇ ਨਿਰਮਾਤਾਵਾਂ ਨੇ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਮੀਡੀਆ ਸੈਂਟਰ ਵਿਖੇ ਮੀਡੀਆ ਨਾਲ ਗੱਲਬਾਤ ਕੀਤੀ। ਪਹਿਲੀ ਵਾਰ ਨਿਰਦੇਸ਼ਨ ਕਰ ਰਹੇ ਅਲਾਦੀਨ ਮੁਸਤਫ਼ਾ, ਨਿਰਮਾਤਾ ਹਮਦੀ ਸਾਮੇਹ, ਅਤੇ ਫ਼ਿਲਮ ਸੰਪਾਦਕ ਅਤੇ ਕਾਰਜਕਾਰੀ ਨਿਰਮਾਤਾ ਮੋਤਾਜ਼ ਨਾਸ਼ੀ ਨੇ ਪੱਤਰਕਾਰਾਂ ਨਾਲ ਚਰਚਾ ਕੀਤੀ। ਉਨ੍ਹਾਂ ਨੇ ਫ਼ਿਲਮ ਦੀ ਸ਼ੁਰੂਆਤ, ਇਸ ਦੀ ਸਰਵ ਵਿਆਪਕ ਸਾਰਥਕਤਾ ਅਤੇ ਇਸ ਦੇ ਸੰਪਾਦਨ ਹੁਨਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

 ‘ਦ ਬਲੈਕ ਸੀ’ ਦੀ ਪ੍ਰੇਰਨਾ ਅਤੇ ਆਪਣੀ ਪਹਿਲੀ ਫੀਚਰ ਫ਼ਿਲਮ ਲਈ ਇਸ ਵਿਸ਼ੇ ਨੂੰ ਚੁਣਨ ਬਾਰੇ, ਡਾਇਰੈਕਟਰ ਅਲਾਦੀਨ ਮੁਸਤਫ਼ਾ ਨੇ IFFI ਵਿੱਚ ਆਪਣੀ ਫ਼ਿਲਮ ਨੂੰ ਪੇਸ਼ ਕਰਨ ਅਤੇ ਅਰਬ ਸੱਭਿਆਚਾਰ ਦੀ ਕਹਾਣੀ ਨੂੰ ਅੰਤਰਰਾਸ਼ਟਰੀ ਮੰਚ ‘ਤੇ ਲਿਆਉਣ ‘ਤੇ ਖ਼ੁਸ਼ੀ ਜ਼ਾਹਰ ਕੀਤੀ। ਫ਼ਿਲਮ ਦੇ ਮੁੱਖ ਵਿਸ਼ੇ ਬਾਰੇ ਉਨ੍ਹਾਂ ਨੇ ਕਿਹਾ ਕਿ ਇਹ ਫ਼ਿਲਮ ਦਿਖਾਉਂਦੀ ਹੈ ਕਿ ਜਦੋਂ ਮਨੁੱਖ ਕਿਸੇ ਵੀ ਕੀਮਤ ‘ਤੇ ਆਪਣੇ ਟੀਚਿਆਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਦੀਆਂ ਬੇਲਗਾਮ ਇੱਛਾਵਾਂ ਕਿਸ ਹੱਦ ਤੱਕ ਬੇਕਾਬੂ ਹੋ ਸਕਦੀਆਂ ਹਨ। ਇਹ ਫ਼ਿਲਮ ਸਵਾਲ ਖੜ੍ਹਾ ਕਰਦੀ ਹੈ ਕਿ ਆਪਣੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਲੋਕ ਕਿਸ ਹੱਦ ਤੱਕ ਜਾ ਸਕਦੇ ਹਨ ਅਤੇ ਕਿਹੜੇ-ਕਿਹੜੇ ਅੰਤਿਮ ਕਦਮ ਚੁੱਕ ਸਕਦੇ ਹਨ।

ਮਹੋਤਸਵ ਵਿੱਚ ਮਿਸਰ ਦੀ (Egyptian) ਫ਼ਿਲਮ ਨੂੰ ਭਾਰਤੀ ਅਤੇ ਆਲਮੀ ਦਰਸ਼ਕਾਂ ਦੇ ਸਾਹਮਣੇ ਲਿਆਉਣ ਨਾਲ ਜੁੜੇ ਸਵਾਲ ਦੇ ਜਵਾਬ ਵਿੱਚ, ਨਿਰਮਾਤਾ ਹਮਦੀ ਸਾਮੇਹ ਨੇ ਇਸ ਕਹਾਣੀ ਦੇ ਵੱਖ-ਵੱਖ ਸੱਭਿਆਚਾਰਾਂ ਨਾਲ ਜੁੜੇ ਹੋਣ (cross-cultural resonance) ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਭਾਵੇਂ ‘ਦ ਬਲੈਕ ਸੀ’ ਅਰਬੀ ਭਾਸ਼ਾ ਵਿੱਚ ਬਣੀ ਮਿਸ੍ਰੀ ਫ਼ਿਲਮ ਹੈ, ਪਰ ਇਹ ਕਿਸੇ ਇੱਕ ਖ਼ਾਸ ਸੱਭਿਆਚਾਰ ਜਾਂ ਭੂਗੋਲਿਕ ਖੇਤਰ ਤੱਕ ਸੀਮਤ ਨਹੀਂ ਹੈ। ਉਨ੍ਹਾਂ ਨੇ ਕਿਹਾ, “ਇਹ ਫ਼ਿਲਮ ਅਜਿਹੀਆਂ ਗੱਲਾਂ ਕਰਦੀ ਹੈ ਜੋ ਵੱਖ-ਵੱਖ ਦੇਸ਼ਾਂ ਦੇ ਲੋਕਾਂ ਵਿੱਚ ਸਮਾਨ ਹਨ। ਹਰ ਥਾਂ ਮਨੁੱਖਾਂ ਦੀਆਂ ਬੁਨਿਆਦੀ ਇੱਛਾਵਾਂ ਇੱਕੋ ਜਿਹੀਆਂ ਹੁੰਦੀਆਂ ਹਨ, ਇਹੀ ਕਾਰਨ ਹੈ ਕਿ ਇਹ ਫ਼ਿਲਮ ਭਾਰਤ ਅਤੇ ਦੁਨੀਆ ਭਰ ਦੇ ਦਰਸ਼ਕਾਂ ਨਾਲ ਜੁੜ ਪਾਉਂਦੀ ਹੈ।”

ਫ਼ਿਲਮ ਦੇ ਤਕਨੀਕੀ ਅਤੇ ਕਥਾਨਕ ਦ੍ਰਿਸ਼ਟੀਕੋਣ ‘ਤੇ ਚਰਚਾ ਕਰਦੇ ਹੋਏ, ਫ਼ਿਲਮ ਸੰਪਾਦਕ ਅਤੇ ਕਾਰਜਕਾਰੀ ਨਿਰਮਾਤਾ ਮੋਤਾਜ਼ ਨਾਸ਼ੀ ਨੇ ਦੱਸਿਆ ਕਿ ਕਿਵੇਂ ਫ਼ਿਲਮ ਵਿੱਚ ਤਣਾਅ ਅਤੇ ਕੈਦ ਦੇ ਅਹਿਸਾਸ ਨੂੰ ਦਿਖਾਉਣ ਲਈ ਲੈਅ (ਰਿਦਮ) ਅਤੇ ਗਤੀ (ਪੇਸਿੰਗ) ਦੀ ਵਰਤੋਂ ਕੀਤੀ ਗਈ ਹੈ। ਇਹ ਫ਼ਿਲਮ ਅਜਿਹੇ ਕਿਰਦਾਰਾਂ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਘਰ ਦੇ ਅੰਦਰ ਕੈਦ ਹਨ ਅਤੇ ਖ਼ਤਰਨਾਕ ਮਨੋਵਿਗਿਆਨਕ ਐਪ ਦੇ ਜਾਲ ਵਿੱਚ ਫਸ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਵੱਡੀ ਚੁਣੌਤੀ ਇਹ ਯਕੀਨੀ ਬਣਾਉਣਾ ਸੀ ਕਿ ਫ਼ਿਲਮ ਦੇ ਡੂੰਘੇ ਵਿਚਾਰ ਦਰਸ਼ਕਾਂ ਤੱਕ ਸਹੀ ਢੰਗ ਨਾਲ ਪਹੁੰਚਣ। ਫ਼ਿਲਮ ਦੀ ਟੀਮ ਨੇ ਤੇਜ਼ੀ ਨਾਲ ਕੱਟ ਲਗਾਉਣ ਦੀ ਬਜਾਏ, ਜਾਣਬੁੱਝ ਕੇ ਧੀਮੀ ਅਤੇ ਸਧੀ ਹੋਈ ਗਤੀ ਚੁਣੀ, ਤਾਂ ਜੋ ਦਰਸ਼ਕ ਕਿਰਦਾਰਾਂ ਦੇ ਅਨੁਭਵਾਂ ਵਿੱਚ ਪੂਰੀ ਤਰ੍ਹਾਂ ਡੁੱਬ ਸਕਣ ਅਤੇ ਉਸ ਮੁੱਖ ਸੰਦੇਸ਼ ਨੂੰ ਮਹਿਸੂਸ ਕਰ ਸਕਣ ਜੋ ਫ਼ਿਲਮ ਨਿਰਮਾਤਾ ਪਹੁੰਚਾਉਣਾ ਚਾਹੁੰਦੇ ਸਨ।

ਪ੍ਰੈੱਸ ਕਾਨਫਰੰਸ ਦੇ ਅੰਤ ਵਿੱਚ, ਸ਼ਾਨਦਾਰ ਸਵਾਗਤ ਲਈ ਫ਼ਿਲਮ ਨਿਰਮਾਤਾਵਾਂ ਨੇ ਫੈਸਟੀਵਲ ਦੇ ਆਯੋਜਕਾਂ ਅਤੇ ਭਾਰਤੀ ਦਰਸ਼ਕਾਂ ਦਾ ਧੰਨਵਾਦ ਪ੍ਰਗਟ ਕੀਤਾ। ਆਪਣੀ ਵਿਸ਼ੇਸ਼ ਗਤੀ ਅਤੇ ਸੋਚਣ ‘ਤੇ ਮਜ਼ਬੂਰ ਕਰ ਦੇਣ ਵਾਲੀ ਕਹਾਣੀ ਦੇ ਨਾਲ, ‘ਦ ਬਲੈਕ ਸੀ’ (The Black Sea) IFFI 57 ਦੇ ਦਰਸ਼ਕਾਂ ਨੂੰ ਅਜਿਹਾ ਸਿਨੇਮਾਈ ਅਨੁਭਵ ਦਿੰਦੀ ਹੈ, ਜੋ ਖੇਤਰੀ ਕਹਾਣੀਆਂ ਨੂੰ ਆਲਮੀ ਮਨੁੱਖੀ ਸੱਚਾਈਆਂ ਨਾਲ ਜੋੜਦਾ ਹੈ। ਇਸ ਪ੍ਰੈੱਸ ਕਾਨਫਰੰਸ ਦਾ ਸੰਚਾਲਨ ਸੁਸ਼੍ਰੀ ਸ੍ਰਿਸ਼ਟੀ ਸੁਰੇਸ਼ ਕੁਲੇ ਨੇ ਕੀਤਾ।

 

ਮਿਸ੍ਰ ਦੇ ਸੱਭਿਆਚਾਰ ‘ਤੇ ਅਧਾਰਿਤ ਹੋਣ ਦੇ ਬਾਵਜੂਦ, ‘ਦ ਬਲੈਕ ਸੀ’ ਅਜਿਹੇ ਵਿਸ਼ਿਆਂ ਨੂੰ ਛੂੰਹਦੀ ਹੈ ਜੋ ਹਰ ਸਮਾਜ ਦੇ ਲੋਕਾਂ ਨਾਲ ਜੁੜਦੇ ਹਨ। ਇਹ ਫ਼ਿਲਮ IFFI 2026 ਦੀ ਥੀਮ, ‘ਸਟੋਰੀਜ਼ ਵਿਦਾਊਟ ਬਾਰਡਰਜ਼’ (ਸਰਹੱਦਾਂ ਤੋਂ ਪਰੇ ਕਹਾਣੀਆਂ) ਦੀ ਭਾਵਨਾ ਨੂੰ ਬਾਖ਼ੂਬੀ ਦਰਸਾਉਂਦੀ ਹੈ। ਮਨੁੱਖੀ ਇੱਛਾਵਾਂ ਦੀ ਸਰਵ ਵਿਆਪਕ ਪੜਚੋਲ ਅਤੇ ਕਹਾਣੀ ਕਹਿਣ ਦੇ ਵਿਲੱਖਣ ਅੰਦਾਜ਼ ਰਾਹੀਂ, ਇਹ ਫ਼ਿਲਮ ਦਿਖਾਉਂਦੀ ਹੈ ਕਿ ਕਿਵੇਂ ਸਿਨੇਮਾ ਭਾਸ਼ਾਈ ਅਤੇ ਸੱਭਿਆਚਾਰਕ ਹੱਦਾਂ ਨੂੰ ਪਾਰ ਕਰ ਸਕਦਾ ਹੈ ਅਤੇ ਸਾਂਝੇ ਮਨੁੱਖੀ ਤਜਰਬਿਆਂ ਰਾਹੀਂ ਦਰਸ਼ਕਾਂ ਨੂੰ ਇਕਜੁੱਟ ਕਰ ਸਕਦਾ ਹੈ।

ਇੱਫੀਲੌਇਡ ਇੱਥੇ ਪੜ੍ਹੋ:

 https://www.pib.gov.in/iffi/57/iffiLoid.aspx?yr=2026&lang=1&reg=48

* * *

ਪੀਆਈਬੀ ਇੱਫੀ ਟੀਮ/ਰਬੀਹਾਸ਼ਮੀ/ਲਕਸ਼ਮੀਪ੍ਰਿਆ/ ਮੋਹਮੰਦ ਅਕੀਬ ਖਾਨ/ ਦਰਸ਼ਨਾ/ ਏਕੇ| IFFI 57 – 079


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2341142
•
Media Centre: Goa
•
Festival Dates: Nov 20 – 28, 2026