57th International Film Festival of India 2026
20 – 28 Nov 2026

ਮਿਡ-ਫੈਸਟ ਫ਼ਿਲਮ ‘ਆਈ ਮੈਟਰ’ ਪਛਾਣ, ਆਪਣੇਪਣ ਅਤੇ ਮਨੁੱਖਤਾ ਦੀਆਂ ਅਨੇਕ ਪਰਤਾਂ ਦੀ ਪੜਚੋਲ ਕਰਦੀ ਹੈ: ਇੱਫੀ (IFFI) 2026 ਵਿੱਚ ਡਾਇਰੈਕਟਰ ਐਲੀਨਾ ਸਰਬਨ


ਮੁੱਖ ਕਿਰਦਾਰ ‘ਤੇ ਕੰਮ ਕਰਨ ਨਾਲ ਮੈਨੂੰ ਆਪਣੀਆਂ ਰੋਮਾ ਜੜ੍ਹਾਂ ਨੂੰ ਮਾਣ ਨਾਲ ਅਪਣਾਉਣ ਵਿੱਚ ਮਦਦ ਮਿਲੀ: ਮੁੱਖ ਅਦਾਕਾਰਾ ਡੈਨੀਸਾ ਫ਼ਾਰਕਾਸ

Posted On: 24 NOV 2026 8:18PMby PIB ChandigarhRelease ID: 2341145Views: 4

ਗੋਆ ਵਿੱਚ ਆਯੋਜਿਤ 57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਇੱਫੀ) ਦੀ ਮਿਡ-ਫੈਸਟ ਫ਼ਿਲਮ ‘ਆਈ ਮੈਟਰ’ (ਇਊ ਕੋਂਤੇਜ਼) ਦੀ ਡਾਇਰੈਕਟਰ ਅਤੇ ਰੋਮਾਨੀਆਈ-ਰੋਮਾ ਫ਼ਿਲਮਕਾਰ ਐਲੀਨਾ ਸਰਬਨ ਨੇ ਕਿਹਾ ਕਿ ਰੋਮਾ ਭਾਈਚਾਰੇ ਦੀਆਂ ਅਜਿਹੀਆਂ ਕਈ ਅਣਕਹੀਆਂ ਕਹਾਣੀਆਂ ਹਨ ਜਿਨ੍ਹਾਂ ਦਾ ਸਾਹਮਣੇ ਆਉਣਾ ਅਜੇ ਬਾਕੀ ਹੈ।

ਇੱਫੀ ਤੋਂ ਵੱਖਰੇ ਤੌਰ ‘ਤੇ ਅੱਜ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਵੱਲੋਂ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਰਬਨ ਨੇ ਫ਼ਿਲਮ ਦੀ ਪ੍ਰੇਰਨਾ, ਰੋਮਾ ਭਾਈਚਾਰੇ ਦੇ ਚਿਤਰਣ ਅਤੇ ਸਿਨੇਮਾ ਰਾਹੀਂ ਰੂੜ੍ਹੀਵਾਦੀ ਧਾਰਨਾਵਾਂ ਨੂੰ ਚੁਣੌਤੀ ਦੇਣ ਦੇ ਮਹੱਤਵ ਬਾਰੇ ਗੱਲ ਕੀਤੀ। ਇਸ ਗੱਲਬਾਤ ਵਿੱਚ ਮੁੱਖ ਅਦਾਕਾਰਾਵਾਂ ਡੈਨੀਸਾ ਫ਼ਾਰਕਾਸ ਅਤੇ ਵੈਨੇਸਾ ਡਾਂਸੀਆ ਵੀ ਸ਼ਾਮਲ ਹੋਈਆਂ।

ਰੋਮਾਨੀਆਈ ਅਤੇ ਰੋਮਾ ਭਾਸ਼ਾਵਾਂ ਦੇ ਸੰਵਾਦਾਂ ਵਾਲੀ ਬਹੁਭਾਸ਼ੀ ਨਾਟਕੀ ਫ਼ਿਲਮ ‘ਆਈ ਮੈਟਰ’ ਦਾ ਭਾਰਤੀ ਪ੍ਰੀਮੀਅਰ ਅੱਜ ਇੱਫੀ (IFFI) ਵਿੱਚ ਹੋਇਆ। ਰੋਮਾਨੀਆ, ਜਰਮਨੀ ਅਤੇ ਬੈਲਜੀਅਮ ਦੇ ਸਹਿ-ਨਿਰਮਾਣ ਵਿੱਚ ਬਣੀ ਇਹ ਫ਼ਿਲਮ ਪਛਾਣ, ਪਰਿਵਾਰ, ਆਪਣੇਪਣ ਅਤੇ ਆਪਣੇ ਅਤੀਤ ਤੋਂ ਪਰੇ ਇੱਕ ਭਵਿੱਖ ਦੀ ਖੋਜ ਦੀ ਪੜਚੋਲ ਕਰਦੀ ਹੈ। ਇਸ ਦੀ ਕਹਾਣੀ ਰੇਬੇਕਾ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਇੱਕ ਨੌਜਵਾਨ ਰੋਮਾ ਮਹਿਲਾ ਹੈ ਅਤੇ ਉਸ ਅਨਾਥ ਆਸ਼ਰਮ ਨੂੰ ਛੱਡਣ ਦੀ ਤਿਆਰੀ ਕਰ ਰਹੀ ਹੈ ਜਿਸ ਨੂੰ ਉਹ ਆਪਣਾ ਘਰ ਮੰਨਦੀ ਰਹੀ ਹੈ। ਜਿੱਥੇ ਇੱਕ ਪਾਸੇ ਉਹ ਜੇਲ੍ਹ ਤੋਂ ਰਿਹਾਅ ਹੋਣ ਵਾਲੇ ਆਪਣੇ ਪਿਤਾ ਨਾਲ ਮੁੜ ਜੁੜਨ ਅਤੇ ਉਸ ਪਰਿਵਾਰ ਨੂੰ ਬਣਾਉਣ ਦੀ ਉਮੀਦ ਰੱਖਦੀ ਹੈ ਜਿਸ ਦੀ ਉਹ ਹਮੇਸ਼ਾ ਤੋਂ ਕਾਮਨਾ ਕਰਦੀ ਰਹੀ ਹੈ, ਉੱਥੇ ਹੀ ਅਦਾਕਾਰੀ ਦੀ ਪੜ੍ਹਾਈ ਲਈ ਯੂਨੀਵਰਸਿਟੀ ਵਿੱਚ ਉਸ ਦਾ ਦਾਖ਼ਲਾ ਇੱਕ ਨਵੀਂ ਸ਼ੁਰੂਆਤ ਦੀ ਸੰਭਾਵਨਾ ਦਿੰਦਾ ਹੈ।

ਸਿਨੇਮਾ ਰਾਹੀਂ ਰੂੜ੍ਹੀਵਾਦੀ ਧਾਰਨਾਵਾਂ ਨੂੰ ਚੁਣੌਤੀ ਦੇਣ ਨਾਲ ਜੁੜੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਫ਼ਿਲਮ ਮਨੁੱਖਤਾ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣ ਦਾ ਯਤਨ ਕਰਦੀ ਹੈ। ਉਨ੍ਹਾਂ ਨੇ ਕਿਹਾ, “ਇਹ ਫ਼ਿਲਮ ਇਹ ਸਵਾਲ ਪੁੱਛਦੀ ਹੈ ਕਿ ਇਨਸਾਨ ਹੋਣ ਦਾ ਹੱਕਦਾਰ ਕੌਣ ਹੈ। ਮੈਂ ਮਨੁੱਖਤਾ ਦੀਆਂ ਵੱਖ-ਵੱਖ ਪਰਤਾਂ ਦਾ ਚਿਤਰਣ ਕਰਨਾ ਚਾਹੁੰਦੀ ਹਾਂ।” ਉਨ੍ਹਾਂ ਇੱਫੀ ਦਾ ਹਿੱਸਾ ਬਣਨ ‘ਤੇ ਵੀ ਖ਼ੁਸ਼ੀ ਪ੍ਰਗਟਾਈ ਅਤੇ ਭਾਰਤ ਦੀ ਆਪਣੀ ਯਾਤਰਾ ਨੂੰ ਘਰ ਵਾਪਸੀ ਵਰਗਾ ਦੱਸਿਆ।

ਰੋਮਾ ਭਾਈਚਾਰੇ ਨੂੰ ਪਰਦੇ ‘ਤੇ ਦਰਸਾਉਣ ਦੀਆਂ ਚੁਣੌਤੀਆਂ ਨੂੰ ਉਜਾਗਰ ਕਰਦੇ ਹੋਏ ਸਰਬਨ ਨੇ ਕਿਹਾ ਕਿ ਆਪਣੇ ਸ਼ਾਨਦਾਰ ਸੱਭਿਆਚਾਰਕ ਪ੍ਰਭਾਵ ਦੇ ਬਾਵਜੂਦ ਇਹ ਭਾਈਚਾਰਾ ਅੱਜ ਵੀ ਸਮਾਜ ਦੇ ਹਾਸ਼ੀਏ ‘ਤੇ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ, “ਫ਼ਲੇਮੈਂਕੋ ਵਾਂਗ ਸਾਡੇ ਸੱਭਿਆਚਾਰ ਨੇ ਵੀ ਆਲਮੀ ਸੱਭਿਆਚਾਰ ਨੂੰ ਪ੍ਰਭਾਵਿਤ ਕੀਤਾ ਹੈ। ਪਰ ਅਸੀਂ ਅਜੇ ਵੀ ਸਮਾਜ ਦੇ ਹਾਸ਼ੀਏ ‘ਤੇ ਹਾਂ। ਅਸੀਂ ਦੂਜੇ ਲੋਕਾਂ ਦੇ ਇੰਨੇ ਨੇੜੇ ਰਹਿੰਦੇ ਹਾਂ, ਫਿਰ ਵੀ ਉਹ ਸਾਨੂੰ ਨਹੀਂ ਜਾਣਦੇ।”

ਫ਼ਿਲਮ ਦੇ ਸਸ਼ਕਤੀਕਰਣ ਦੇ ਸੁਨੇਹੇ ‘ਤੇ ਜ਼ੋਰ ਦਿੰਦੇ ਹੋਏ ਸਰਬਨ ਨੇ ਕਿਹਾ ਕਿ ਉਹ ਖ਼ਾਸ ਕਰਕੇ ਵਾਂਝੇ ਪਿਛੋਕੜ ਵਾਲੇ ਨੌਜਵਾਨਾਂ ਤੱਕ ਪਹੁੰਚਣਾ ਚਾਹੁੰਦੀ ਸੀ। ਉਨ੍ਹਾਂ ਨੇ ਕਿਹਾ, “ਮੈਂ ਅਜਿਹੀ ਕਹਾਣੀ ਸੁਣਾਉਣਾ ਚਾਹੁੰਦੀ ਸੀ ਜੋ ਸਭ ਤੋਂ ਪਹਿਲਾਂ ਪਿਛੜੇ ਵਰਗਾਂ ਦੇ ਨੌਜਵਾਨਾਂ ਨੂੰ ਸਸ਼ਕਤ ਬਣਾਵੇ। ਮੈਂ ਉਨ੍ਹਾਂ ਨੂੰ ਉਹੀ ਗੱਲ ਕਹਿਣਾ ਚਾਹੁੰਦੀ ਸੀ ਜਿਸ ਨੂੰ ਸੁਣਨ ਦੀ ਜ਼ਰੂਰਤ ਮੈਨੂੰ ਵੀ ਸੀ: ਕਿ ਮੈਂ ਸੰਭਾਲ ਲਵਾਂਗੀ, ਕਿ ਸ਼ਾਇਦ ਇਸ ਦੁਨੀਆ ਵਿੱਚ ਸਾਡੇ ਵਿੱਚੋਂ ਹਰ ਇੱਕ ਲਈ ਇੱਕ ਛੋਟੀ ਜਿਹੀ ਥਾਂ ਹੈ।”

ਰੇਬੇਕਾ ਦੀ ਭੂਮਿਕਾ ਨਿਭਾਉਣ ਵਾਲੀ ਮੁੱਖ ਅਦਾਕਾਰਾ ਡੈਨੀਸਾ ਫ਼ਾਰਕਾਸ ਨੇ ਇਸ ਫ਼ਿਲਮ ਨੂੰ ਇੱਕ ਬੇਹੱਦ ਨਿੱਜੀ ਅਨੁਭਵ ਦੱਸਿਆ, ਜਿਸ ਨੇ ਉਨ੍ਹਾਂ ਦੀ ਆਪਣੀ ਪਛਾਣ ਨਾਲ ਉਨ੍ਹਾਂ ਦੇ ਸਬੰਧ ਨੂੰ ਬਦਲ ਦਿੱਤਾ। ਆਪਣੀ ਰੋਮਾ ਨਸਲੀ ਪਛਾਣ ਨੂੰ ਸਵੀਕਾਰ ਕਰਨ ਨੂੰ ਲੈ ਕੇ ਆਪਣੀ ਸ਼ੁਰੂਆਤੀ ਝਿਜਕ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਪਹਿਲੀ ਵਾਰ ਮੈਂ ਰੋਮਾ ਲੋਕਾਂ ਨੂੰ ਸਕਾਰਾਤਮਕ ਨਜ਼ਰੀਏ ਨਾਲ ਦੇਖਿਆ।” ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਕਿਰਦਾਰ ਨੂੰ ਨਿਭਾਉਣ ਨਾਲ ਉਨ੍ਹਾਂ ਨੂੰ ਆਪਣੀ ਪਛਾਣ ਨਾਲ ਜੁੜੀ ਸ਼ਰਮ ਦੀ ਭਾਵਨਾ ਤੋਂ ਉਭਰਨ ਅਤੇ ਆਪਣੀਆਂ ਜੜ੍ਹਾਂ ਨੂੰ ਮਾਣ ਨਾਲ ਅਪਣਾਉਣ ਵਿੱਚ ਮਦਦ ਮਿਲੀ। ਉਨ੍ਹਾਂ ਨੇ ਕਿਹਾ, “ਮੈਨੂੰ ਰੋਮਾ ਹੋਣ ‘ਤੇ ਮਾਣ ਹੈ,” ਅਤੇ ਇਹ ਖ਼ੁਸ਼ੀ ਪ੍ਰਗਟਾਈ ਕਿ ਇਸ ਭਾਈਚਾਰੇ ਅਤੇ ਇਸ ਦੇ ਬੱਚਿਆਂ ਦੀਆਂ ਕਹਾਣੀਆਂ ਆਖ਼ਰਕਾਰ ਸੁਣੀਆਂ ਜਾ ਰਹੀਆਂ ਹਨ।

ਇਸ ਸੈਸ਼ਨ ਦਾ ਸੰਚਾਲਨ ਪ੍ਰਾਂਜਲ ਰਾਏ ਨੇ ਕੀਤਾ।

ਇੱਫੋਲੌਇਡ ਇੱਥੇ ਪੜ੍ਹੋ:  https://www.pib.gov.in/iffi/57/iffiLoid.aspx?yr=2026&lang=1&reg=48

* * *

ਪੀਆਈਬੀ ਇੱਫੀ ਟੀਮ/ ਰਬੀਹਾਸ਼ਮੀ/ਸੁਪ੍ਰਿਆ ਬਿਬਿਨ/ਦਰਸ਼ਨਾ/ਏਕੇ । IFFI 57 – 088


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2341145
•
Media Centre: Goa
•
Festival Dates: Nov 20 – 28, 2026